
ਅਤਿਵਾਦੀਆਂ ਲਈ ਫੰਡਿੰਗ ਬੰਦ ਹੋਵੇ : ਹਰਦੀਪ ਸਿੰਘ ਪੁਰੀ
ਡਬਲਿਨ : ਕੇਂਦਰੀ ਗ੍ਰਹਿ ਮੰਤਰੀ ਹਰਦੀਪ ਪੁਰੀ ਨੇ ਏਅਰ ਇੰਡੀਆ ਦੀ ਉਡਾਣ 182 ਕਨਿਸ਼ਕ ਬੰਬ ਧਮਾਕੇ ਦੀ 40ਵੀਂ ਬਰਸੀ ਮੌਕੇ ਇਸ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਇਸ ਮੌਕੇ ਅਤਿਵਾਦੀਆਂ ਤੇ ਵੱਖਵਾਦੀਆਂ ਲਈ ਵਿੱਤੀ ਫੰਡਿੰਗ ਦੇ ਰਾਹ ਬੰਦ ਕਰਨ ਅਤੇ ਆਲਮੀ ਖਤਰੇ ਨਾਲ ਇਕਜੁੱਟ ਹੋ ਕੇ ਨਜਿੱਠਣ ਦੀਆਂ ਕੋਸ਼ਿਸ਼ਾਂ ਦੁੱਗਣੀਆਂ ਕਰਨ ਦਾ ਸੱਦਾ ਦਿੱਤਾ। ਮੌਂਟਰੀਅਲ-ਨਵੀਂ ਦਿੱਲੀ ਆਧਾਰਿਤ ਏਅਰ ਇੰਡੀਆ ਦੀ ‘ਕਨਿਸ਼ਕ’ ਉਡਾਣ ਨੰਬਰ 182 ’ਚ 23 ਜੂਨ ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ ’ਤੇ ਉਤਰਨ ਤੋਂ 45 ਮਿੰਟ ਪਹਿਲਾਂ ਧਮਾਕਾ ਹੋ ਗਿਆ ਸੀ ਜਿਸ ਕਾਰਨ ਜਹਾਜ਼ ’ਚ ਸਵਾਰ ਸਾਰੇ 329 ਵਿਅਕਤੀ ਮਾਰੇ ਗਏ ਸਨ। ਇਨ੍ਹਾਂ ’ਚ ਜ਼ਿਆਦਾਤਰ ਭਾਰਤੀ ਮੂਲ ਦੇ ਕੈਨੇਡਿਆਈ ਵਿਅਕਤੀ ਸੀ। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਪੁਰੀ ਨਾਲ ਆਇਰਲੈਂਡ ਦੇ ਪ੍ਰਧਾਨ ਮੰਤਰੀ ਤਾਓਸੀਚ ਮਾਈਕਲ ਮਾਰਟਿਨ ਅਤੇ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਸਾਂਗਰੀ ਨੇ ਆਇਰਲੈਂਡ ਦੀ ਰਾਜਧਾਨੀ ਡਬਲਿਨ ਤੋਂ ਤਕਰੀਬਨ 260 ਕਿਲੋਮੀਟਰ ਕਾਊਂਟੀ ਕਾਰਕ ’ਚ ਸਥਾਪਤ ਅਹਾਕਿਸਤਾ ਯਾਦਗਾਰ ’ਤੇ ਕਨਿਸ਼ਕ ਹਾਦਸੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਭਾਰਤ ਦੀ ਜਨਤਾ ਤੇ ਸਰਕਾਰ ਵੱਲੋਂ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਦੀ ਅਗਵਾਈ ਹੇਠ ਸੱਤ ਮੈਂਬਰੀ ਵਫ਼ਦ ਨੇ ਆਇਰਲੈਂਡ ਦੇ ਕਾਊਂਟੀ ਕਾਰਕ ’ਚ ਅਹਾਕਿਸਤਾ ਯਾਦਗਾਰ ’ਤੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ।’ ਪੁਰੀ ਨੇ ਆਪਣੇ ਭਾਸ਼ਣ ’ਚ ‘ਅਹਾਕਿਸਤਾ ਦੇ ਸ਼ਾਨਦਾਰ ਭਾਈਚਾਰੇ ਤੇ ਆਇਰਲੈਂਡ ਦੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ 40 ਸਾਲ ਪਹਿਲਾਂ ਹੋਏ ਹਾਦਸੇ ਸਮੇਂ ਮਦਦ ਕੀਤੀ ਸੀ।