
ਇਰਾਨ ਨੇ ਕੀਤਾ ਜਿੱਤ ਦਾ ਦਾਅਵਾ
ਦੁਬਈ, ਇਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮਨੇਈ ਨੇ ਇਜ਼ਰਾਈਲ ’ਤੇ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮੁਲਕ ਨੇ ਅਮਰੀਕਾ ਨੂੰ ਕਰਾਰਾ ਜਵਾਬ ਦਿੱਤਾ ਹੈ। ਇਹ ਉਨ੍ਹਾਂ ਦਾ ਇਜ਼ਰਾਈਲ ਅਤੇ ਇਰਾਨ ਵਿਚਾਲੇ ਜੰਗਬੰਦੀ ਦੇ ਐਲਾਨ ਤੋਂ ਬਾਅਦ ਆਇਆ ਪਹਿਲਾ ਬਿਆਨ ਹੈ।
ਖਾਮਨੇਈ ਨੇ ਇਰਾਨ ਦੇ ਸਰਕਾਰੀ ਟੈਲੀਵਿਜ਼ਨ ’ਤੇ ਵੀਡੀਓ ਪ੍ਰਸਾਰਣ ਵਿੱਚ ਕਿਹਾ ਕਿ ਅਮਰੀਕਾ ਨੇ ਇਸ ਜੰਗ ਵਿੱਚ ਸਿਰਫ ਇਸ ਲਈ ਦਖ਼ਲ ਦਿੱਤਾ ਕਿਉਂਕਿ ਉਸ ਨੂੰ ਮਹਿਸੂਸ ਹੋਇਆ ਕਿ ਜੇ ਉਸ ਨੇ ਦਖ਼ਲ ਨਾ ਦਿੱਤਾ ਤਾਂ ਇਜ਼ਰਾਇਲ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਮਰੀਕਾ ਨੂੰ ਇਸ ਜੰਗ ਤੋਂ ਕੋਈ ਲਾਭ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਇਸਲਾਮਿਕ ਗਣਰਾਜ ਇਰਾਨ ਜੰਗ ਵਿਚ ਜੇਤੂ ਰਿਹਾ ਹੈ ਅਤੇ ਬਦਲੇ ਵਿੱਚ, ਅਮਰੀਕਾ ਨੂੰ ਮੂੰਹ-ਤੋੜ ਜਵਾਬ ਦਿੱਤਾ ਗਿਆ ਹੈ।