
ਈਡੀ ਅੱਗੇ ਪੇਸ਼ ਨਾ ਹੋਏ ਵਾਡਰਾ
ਨਵੀਂ ਦਿੱਲੀ : ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਕਾਰੋਬਾਰੀ ਪਤੀ ਰਾਬਰਟ ਵਾਡਰਾ ਨੇ ਯੂਕੇ ਸਥਿਤ ਹਥਿਆਰ ਸਲਾਹਕਾਰ ਸੰਜੇ ਭੰਡਾਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਲਗਾਤਾਰ ਦੂਜੀ ਵਾਰ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਆਪਣੀ ਤੈਅ ਪੇਸ਼ੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ। ਇਹ ਜਾਣਕਾਰੀ ਅਧਿਕਾਰਤ ਸੂਤਰਾਂ ਨੇ ਦਿੱਤੀ।
ਵਾਡਰਾ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਆਪਣੀ ਧੀ ਦੇ ਗ੍ਰੈਜੂਏਸ਼ਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਅਦਾਲਤ ਦੀ ‘ਅਗਾਊਂ’ ਇਜਾਜ਼ਤ ਨਾਲ ਵਿਦੇਸ਼ ਯਾਤਰਾ ਕਰ ਰਹੇ ਹਨ। ਦੱਸਣਯੋਗ ਹੈ ਕਿ ਈਡੀ ਨੇ ਇਸ ਤੋਂ ਪਹਿਲਾਂ ਉਨ੍ਹਾਂ ਨੂੰ 10 ਜੂਨ ਨੂੰ ਪੇਸ਼ ਹੋਣ ਲਈ ਤਲਬ ਕੀਤਾ ਸੀ, ਪਰ ਉਹ ਉਦੋਂ ਵੀ ਪੇਸ਼ ਨਹੀਂ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਮੰਗਲਵਾਰ (17 ਜੂਨ) ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ।
ਸੰਘੀ ਜਾਂਚ ਏਜੰਸੀ ਉਨ੍ਹਾਂ ਦੇ ਜਵਾਬ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਨਵੀਂ ਤਾਰੀਖ ਦੇ ਸੰਮਨ ਜਾਰੀ ਕਰ ਸਕਦੀ ਹੈ। ਵਕੀਲ ਸੁਮਨ ਜੋਤੀ ਖੇਤਾਨ ਨੇ ਕਿਹਾ ਕਿ ਯਾਤਰਾ ਦੀ ਇਜਾਜ਼ਤ (17 ਜੂਨ) ਨਵੀਨਤਮ ਸੰਮਨਾਂ ਦੀ ਤਾਮੀਲ ਤੋਂ ਬਹੁਤ ਪਹਿਲਾਂ ਪ੍ਰਾਪਤ ਕਰ ਲਈ ਗਈ ਸੀ ਅਤੇ ਈਡੀ ਨੂੰ ਵੀ ਇੱਕ ਸੂਚਨਾ ਭੇਜ ਦਿੱਤੀ ਗਈ ਹੈ।
ਉਨ੍ਹਾਂ ਕਿਹਾ, “ਸ੍ਰੀ ਵਾਡਰਾ ਨੇ ਵਾਰ-ਵਾਰ ਕਿਹਾ ਹੈ ਕਿ ਉਹ ਈਡੀ ਨੂੰ ਪੂਰਾ ਸਹਿਯੋਗ ਦੇਣ ਲਈ ਉਪਲਬਧ ਹਨ ਜਿਵੇਂ ਕਿ ਉਹ ਪਹਿਲਾਂ ਸਾਰੇ ਮੌਕਿਆਂ ‘ਤੇ ਕਰਦੇ ਰਹੇ ਹਨ। ਉਹ ਵਿਦੇਸ਼ ਤੋਂ ਪਰਤਣ ‘ਤੇ ਅਤੇ ਜੇ ਲੋੜ ਹੋਵੇ ਤਾਂ ਵਿਦੇਸ਼ ਵਿੱਚ ਆਪਣੇ ਠਹਿਰਾਅ ਦੌਰਾਨ ਵੀਡੀਓ ਕਾਨਫਰੰਸ ਰਾਹੀਂ ਆਪਣਾ ਬਿਆਨ ਦਰਜ ਕਰਵਾਉਣ ਲਈ ਵੀ ਤਿਆਰ ਹਨ।”
ਵਾਡਰਾ ਨੇ 10 ਜੂਨ ਦੇ ਸੰਮਨ ਇਹ ਕਹਿ ਕੇ ਛੱਡ ਦਿੱਤੇ ਸਨ ਕਿ ਉਨ੍ਹਾਂ ਨੂੰ 9 ਜੂਨ ਨੂੰ ਫਲੂ ਵਰਗੇ ਲੱਛਣ ਸਨ ਅਤੇ ਪ੍ਰੋਟੋਕੋਲ ਅਨੁਸਾਰ ਕੋਵਿਡ ਟੈਸਟ ਕਰਵਾਇਆ ਸੀ। ਸਮਝਿਆ ਜਾਂਦਾ ਹੈ ਕਿ ਏਜੰਸੀ ਵਾਡਰਾ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਤਹਿਤ ਆਪਣਾ ਬਿਆਨ ਦਰਜ ਕਰਨ ਅਤੇ ਬਾਅਦ ਵਿੱਚ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕਰਨ ਲਈ ਸੰਮਨ ਕਰ ਰਹੀ ਹੈ।