
ਜੀ-7 ਦਾ ਇਸ ਵਾਰ ਦਾ ਸਮਾਗਮ ਕੁਝ ਫਿੱਕਾ ਜਿਹਾ ਰਿਹਾ : ਜਸਦੀਪ ਸਿੰਘ ਜੈਸੀ
ਵਾਸ਼ਿੰਗਟਨ :ਪ੍ਰਸਿੱਧ ਸਮਾਜ ਸੇਵੀ ਅਤੇ ‘ਸਿੱਖਸ ਆਫ ਅਮੈਰਿਕਾ’ ਦੇ ਪ੍ਰੈਜੀਡੈਂਟ ਸ. ਜਸਦੀਪ ਸਿੰਘ ਜੈਸੀ ਨਾਲ ਅਮੈਜਿੰਗ ਟੀ.ਵੀ. ਦੇ ਚੀਫ ਐਡੀਟਰ ਸ. ਵਰਿੰਦਰ ਸਿੰਘ ਨੇ ਦੇਸ਼ ਵਿਦੇਸ਼ ਦੇ ਮੁੱੱਦਿਆਂ ’ਤੇ ਵਿਸ਼ੇਸ਼ ਗੱਲਬਾਤ ਕੀਤੀ। ਇਸ ਮੌਕੇ ਸ. ਵਰਿੰਦਰ ਸਿੰਘ ਨੇ ਜਸਦੀਪ ਸਿੰਘ ਜੈਸੀ ਤੋਂ ਜੀ-7 ਦੌਰਾਨ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਅਤੇ ਇਸ ਨੂੰ ਦੁਨੀਆਂ ਵਿੱਚ ਕਿਸ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ।
ਸ. ਜਸਦੀਪ ਸਿੰਘ ਜੈਸੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਇਸ ਵਾਰ ਜੀ-7 ਦਾ ਕੁਝ ਫਿੱਕਾ ਜਿਹਾ ਰਿਹਾ ਹੈ। ਕਿਉਂਕਿ ਜੀ-7 ਵਿੱਚ ਅਮਰੀਕਾ ਦੀ ਭੂਮਿਕਾ ਵਿਸ਼ੇਸ਼ ਹੁੰਦੀ ਹੈ ਅਤੇ ਇਸ ਨੂੰ ਵਿਸ਼ੇਸ਼ ਮਹਿਮਾਨ ਵਜੋਂ ਨਿਵਾਜਿਆ ਜਾਂਦਾ ਹੈ, ਜੇਕਰ ਚੀਫ ਗੈਸਟ ਹੀ ਸਮਾਗਮ ਵਿੱਚੋਂ ਕੁਝ ਸਮਾਂ ਬਾਅਦ ਵਾਪਸ ਚਲਾ ਜਾਵੇ ਤਾਂ ਸਮਾਗਮ ਫਿੱਕਾ ਮੰਨਿਆ ਜਾਂਦਾ ਹੈ। ਦੁਨੀਆਂ ਭਰ ਦੇ ਪ੍ਰਮੁੱਖ ਪ੍ਰਤੀਨਿਧੀ ਇਸ ਲਈ ਹੀ ਜੀ-7 ਵਿੱਚ ਆਉਂਦੇ ਹਨ ਕਿ ਉਨ੍ਹਾਂ ਦਾ ਅਮਰੀਕਾ ਦੇ ਪ੍ਰੈਜੀਡੈਂਟ ਨਾਲ ਮੁਲਾਕਾਤ ਹੋਵੇਗੀ, ਪਰ ਇਸ ਵਾਰ ਡੋਨਡ ਟਰੰਪ ਇਰਾਨ ਅਤੇ ਇਜ਼ਰਾਇਲ ਦੀ ਜੰਗ ਦਾ ਹਵਾਲਾ ਦੇ ਕੇ ਸਮਾਗਮ ਤੋਂ ਐਂਮਰਜੈਂਸੀ ਵਿੱਚ ਚਲੇ ਗਏ।
ਸਮਾਗਮ ਦੌਰਾਨ ਜੇਕਰ ਭਾਰਤ ਅਤੇ ਕੈਨੇਡਾ ਦੇ ਸੰਬੰਧ ਨੂੰ ਦੇਖੀਏ ਤਾਂ ਦੋਹਾਂ ਦੇਸ਼ਾਂ ਵਿਚਕਾਰ ਇੱਕ ਨਵੀਂ ਸ਼ੁਰੂਆਤ ਹੋਈ ਹੈ। ਦੋਹਾਂ ਦੇਸ਼ਾਂ ਨੇ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਅਸੀਂ ਮੁੜ ਤੋਂ ਆਪਸੀ ਸੰਬੰਧ ਸਥਾਪਤ ਕਰ ਰਹੇ ਹਾਂ ਅਤੇ ਦੋਵੇਂ ਦੇਸ਼ ਮੁੜ ਤੋਂ ਹਾਈ ਕਮਿਸ਼ਨ ਸਥਾਪਤ ਕਰ ਰਹੇ ਹਨ। ਇਸ ਸਭ ਤੋਂ ਲੱਗਦਾ ਹੈ ਕਿ ਦੋਹਾਂ ਦੇਸ਼ਾਂ ਵਿੱਚ ਇੱਕ ਅੱਛਾ ਤਾਲਮੇਲ ਬਣ ਜਾਵੇਗਾ।
ਦੇਖਿਆ ਜਾਵੇਗਾ ਤਾਂ ਜੀ-7 ਦਾ ਮੁੱਖ ਫੋਕਸ ਇਜ਼ਰਾਇਲ ਅਤੇ ਇਰਾਨ ਦੇ ਇਰਦ-ਗਿਰਦ ਹੀ ਰਿਹਾ ਹੈ। ਇਜ਼ਰਾਈਲ ਦੇ ਹੱਕ ਵਿੱਚ ਸਟੇਟਮੈਂਟ ਵੀ ਆਈਆਂ ਹਨ।
ਇੱਕ ਸਵਾਲ ਦੇ ਜਵਾਬ ਵਿੱਚ ਸ. ਜੈਸੀ ਨੇ ਕਿਹਾ ਕਿ ਸਿੱਖ ਕੈਨੇਡਾ ਵਿੱਚ ਪੂਰੀ ਤਰ੍ਹਾਂ ਸਰਗਰਮ ਅਤੇ ਕੈਨੇਡਾ ਦਾ ਬੇਹਤਰੀ ਵਾਸਤੇ ਕੈਨੇਡਾ ਦੀ ਪਾਲਿਸੀ ਵਿੱਚ ਰਹਿ ਕੇ ਕੰਮ ਕਰ ਰਹੇ ਹਨ। ਪਰ ਕੈਨੇਡਾ ਵਿੱਚ ਟਰੂਡੋ ਅਤੇ ਜਗਮੀਤ ਸਿੰਘ ਵਰਗਿਆਂ ਨੂੰ ਬਹੁਤ ਵੱਡਾ ਝੱਟਕਾ ਲੱਗਾ ਹੈ। ਭਾਰਤ ਅਤੇ ਕੈਨੇਡਾ ਵਿੱਚ ਹੁਣ ਕਾਫੀ ਹੱਦ ਤੱਕ ਤਾਲਮੇਲ ਬੈਠ ਗਿਆ ਹੈ ਅਤੇ ਇਸ ਵਿੱਚ ਕੈਨੇਡਾ ਦੇ ਸਿੱਖਾਂ ਦਾ ਬਹੁਤ ਵੱਡਾ ਹੱਥ ਹੈ।
ਸ. ਜੈਸੀ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖਾਂ ਅਤੇ ਖਾਲਿਸਤਾਨੀਆਂ ਨੂੰ ਇੱਕ ਨਜ਼ਰ ਨਾਲ ਦੇਖਣਾ ਗਲਤ ਹੈ, ਕਿਉਂਕਿ ਜ਼ਿਆਦਾ ਗਿਣਤੀ ਸਿੱਖ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਹੈ, ਖਾਸ ਕਰਕੇ ਗੁਰਪਵੰਤ ਸਿੰਘ ਪੰਨੂੰ ਅਤੇ ਇਸ ਦੇ ਗੈਂਗ ਨੇ ਜੋ ਮੂਵਮੈਂਟ ਚਲਾਈ ਹੋਈ ਹੈ, ਲੋਕ ਉਸ ਤੋਂ ਖੁਸ਼ ਨਹੀਂ ਹੈ। ਕਿਉਂਕਿ ਉਨ੍ਹਾਂ ਵੱਲੋਂ ਗੁੰਡਾਗਰਦੀ ਅਤੇ ਇੱਕ ਨਫਰਤ ਦੀ ਲਹਿਰ ਚਲੀ ਹੋਈ ਹੈ। ਖਾਲਿਸਤਾਨ ਦੀ ਮੂਵਮੈਂਟ ਜੇਕਰ ਸਹੀ ਤਰੀਕੇ ਨਾਲ ਚੱਲੇ ਤਾਂ ਕਿਸੇ ਨੂੰ ਕੋਈ ਇਤਰਾਜ ਨਹੀਂ ਹੈ, ਹੋਮਲੈਂਡ ਦੀ ਮੰਗ ਕਰਨਾ ਕੋਈ ਗਲਤ ਨਹੀਂ ਹੈ। ਭਾਰਤ ਵਿੱਚ ਵੀ ਸਿਮਰਨਜੀਤ ਸਿੰਘ ਮਾਨ ਵੱਲੋਂ ਖੁਲ੍ਹੇ ਰੂਪ ਵਿੱਚ ਖਾਲਿਸਤਾਨ ਦੀ ਗੱਲ ਕੀਤੀ ਜਾਂਦੀ ਹੈ। ਹਾਲ ਹੀ ਵਿੱਚ 6 ਜੂਨ ਦੌਰਾਨ ਖੁੱਲ੍ਹੇ ਰੂਪ ਵਿੱਚ ਖਾਲਿਸਤਾਨ ਬਾਰੇ ਚਰਚਾਵਾਂ ਹੋਈਆਂ ਅਤੇ ਖਾਲਿਸਤਾਨ ਦੀ ਸਪੋਰ ਵਿੱਚ ਨਾਅਰੇ ਲੱਗੇ ਹਨ। ਭਾਰਤ ਸਰਕਾਰ ਨੇ ਕਿਸੇ ਦੀ ਵੀ ਕੋਈ ਗਿ੍ਰਫਤਾਰੀ ਨਹੀਂ ਕੀਤੀ। ਇਹ ਗੱਲ ਵੱਖਰੀ ਹੈ ਕਿ ਪੰਜਾਬ ਵਿੱਚ ਜਦੋਂ ਇਲੈਕਸ਼ਨ ਹੁੰਦੀਆਂ ਹਨ ਤਾਂ ਸਿਮਰਨਜੀਤ ਸਿੰਘ ਮਾਨ ਨੂੰ ਇੱਕ ਸੀਟ ਵੀ ਪ੍ਰਾਪਤ ਨਹੀਂ ਹੁੰਦੀ। ਇਸ ਤੋਂ ਸਿੱਧ ਹੁੰਦਾ ਹੈ ਕਿ ਆਮ ਸਿੱਖ ਲੋਕ ਉਨ੍ਹਾਂ ਨਾਲ ਸਹਿਮਤ ਨਹੀਂ ਹਨ।
ਅਜੌਕਾ ਸਿੱਖ ਪੰਜਾਬ ਦੇ ਵਿਕਾਸ ਲਈ ਕੰਮ ਕਰਨਾ ਚਾਹੁੰਦਾ ਹੈ, ਪੰਜਾਬ ਦੀ ਤਰੱਕੀ ਖੁਸ਼ਹਾਲੀ ਲਈ ਚਿੰਤਤ ਹੈ, ਪਰ ਖਾਲਿਸਤਾਨ ਦੇ ਨਾਂਅ ’ਤੇ ਗਲਤ ਤਰੀਕੇ ਨਾਲ ਪੈਸੇ ਇਕੱਠੇ ਕਰਨ ਦੀ ਕੁਝ ਲੋਕਾਂ ਨੇ ਦੁਕਾਨਦਾਰੀ ਬਣਾਈ ਹੋਈ ਹੈ ਜੋ ਸਿੱਖਾਂ ਨੂੰ ਵਰਗਲਾ ਰਹੇ ਹਨ। ਗੁਰਪਤਵੰਤ ਸਿੰਘ ਪਨੂੰ ਨੇ ਕਿਹਾ ਕਿ ਮੋਦੀ ਆਵੇਗਾ ਆਪਣੀ ਮਰਜੀ ਨਾਲ ਪਰ ਜਾਵੇਗਾ ਸਾਡੀ ਮਰਜੀ ਨਾਲ ਪਰ ਇਸ ਗੱਲ ਦਾ ਕੀ ਮਤਲਬ ਨਿਕਲਿਆ। ਇਸ ਲਈ ਉਸ ਤੋਂ ਧਿਆਨ ਹਟਾਕੇ ਉਸ ਨੂੰ ਬਹੁਤੀ ਅਹਿਮੀਅਤ ਨਹੀਂ ਦੇਣੀ ਚਾਹੀਦੀ, ਸਿੱਖੀ ਦੇ ਹੋਰ ਬਹੁਤ ਸਾਰੇ ਮਸਲੇ ਹਨ, ਸਾਡਾ ਪੰਥ ਲੀਡਰਲੈੱਸ ਹੋਇਆ ਪਿਆ ਹੈ, ਸਾਡੇ ਤਖ਼ਤ ਸਾਹਿਬਾਨ ਵਿੱਚ ਆਪਸੀ ਤਕਰਾਰ ਹੋਈ ਪਈ ਹੈ, ਜਿਨ੍ਹਾਂ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਚੀਫ ਐਡੀਟਰ ਸ. ਵਰਿੰਦਰ ਸਿੰਘ ਨੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਅਕਾਲੀ ਦਲ ਮੁੜ ਸਰਗਰਮ ਹੋ ਪਾਵੇਗਾ? ਲੋਕ ਮੁੜ ਪਾਰਟੀ ਨਾਲ ਜੁੜਨਗੇ? ਇਸ ਦਾ ਜਵਾਬ ਦਿੰਦਿਆਂ ਸ. ਜੈਸੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਮਾਤਰ ਸਿੱਖਾਂ ਦੀ ਪਾਰਟੀ ਹੈ ਜੋ ਅਕਸਰ ਸਿੱਖੀ ਦੀ ਗੱਲ ਕਰਦੀ ਆਈ ਹੈ। ਇਤਿਹਾਸਕ ਤੌਰ ’ਤੇ ਅਕਾਲੀ ਦਲ ਨੇ ਸਿੱਖਾਂ ਲਈ ਹਮੇਸ਼ਾਂ ਲੜਾਈ ਕੀਤੀ ਹੈ। ਕੁਝ ਇੱਕ ਗੱਲਾਂ ਹੋਈਆਂ ਸਨ, ਕਾਫੀ ਸਥਿਤੀ ਖਰਾਬ ਹੋਈ ਸੀ ਪੰਜਾਬ ਦੇ ਲੋਕਾਂ ਨੂੰ ਇਸ ਨਕਾਰ ਦਿੱਤਾ ਸੀ। ਪਾਰਟੀ ਨੂੰ ਕਿਸੇ ਵੀ ਸੀਟ ਤੋਂ ਬਹੁਮਤ ਨਹੀਂ ਮਿਲੀ ਇਥੋਂ ਤੱਕ ਕਿ ਵੱਡੇ ਪਾਰਟੀ ਆਗੂ ਆਪਣੇ ਗੜ੍ਹ ਤੋਂ ਬੁਰੀ ਤਰ੍ਹਾਂ ਹਾਰ ਗਏ। ਅਕਾਲੀ ਦਲ ਦੀ ਲੀਡਰਸ਼ਿਪ ਅਰਸ਼ ਤੋਂ ਫਰਸ਼ ’ਤੇ ਆ ਗਈ। ਹੁਣ ਪੰਜਾਬ ਦੇ ਲੋਕਾਂ ਨੇ ਸੋਚਣਾ ਸ਼ੁਰੂ ਕੀਤਾ ਹੈ ਕਿ ਸਭ ਕੁਝ ਨੂੰ ਭੁੱਲਾ ਕੇ ਮੁੜ ਇਨ੍ਹਾਂ ਨੂੰ ਜੋੜਿਆ ਜਾਵੇ ਅਤੇ ਮੁੜ ਇਨ੍ਹਾਂ ਨੂੰ ਚਾਂਸ ਦੇਣਾ ਚਾਹੀਦਾ ਹੈ। ਇਸ ਵਿੱਚ ਸ. ਸੁਖਬੀਰ ਸਿੰਘ ਬਾਦਲ ਨੂੰ ਤਿਆਗ ਦਾ ਪ੍ਰਮਾਣ ਦੇ ਕੇ ਪਾਰਟੀ ਨੂੰ ਜੋੜਨ ਲਈ ਆਪਣਾ ਵਧੀਆ ਰੋਲ ਅਦਾ ਕਰਨਾ ਚਾਹੀਦਾ ਹੈ। ਅਕਾਲੀ ਦਲ ਦੇ ਬਾਗੀਆਂ ਅਤੇ ਦਾਗੀਆਂ ਦਾ ਇਕੱਠਾ ਹੋ ਕੇ ਚੱਲਣਾ ਪਾਰਟੀ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰ ਸਕਦਾ ਹੈ।
ਅੰਤ ਵਿੱਚ ਇਰਾਨ ਅਤੇ ਅਮਰੀਕਾ ਦੇ ਸੰਬੰਧਾਂ ਨੂੰ ਲੈ ਕੇ ਗੱਲਬਾਤ ਕਰਦਿਆਂ ਸ. ਜੈਸੀ ਨੇ ਕਿਹਾ ਕਿ ਇਰਾਨ ਲੱਗਭੱਗ 30 ਸਾਲਾਂ ਤੋਂ ਡਰਾਵੇ ਦੇ ਕੇ ਦੁਨੀਆਂ ਨੂੰ ਭੈਅ-ਭੀਤ ਕਰਦਾ ਆ ਰਿਹਾ ਹੈ। ਉਸ ਦੀ ਨਿਊਕਲਿਅਰ ਗਤਵਿਧੀਆਂ ਉੱਤੇ ਅਮਰੀਕਾ ਵੱਲੋਂ ਹੁਣ ਠੱਲ੍ਹ ਪਾਈ ਜਾਵੇਗੀ ਅਤੇ ਅੰਦਰ ਖਾਤਰ ਹੋਰ ਇਸਲਾਮਿਕ ਦੇਸ਼ ਵੀ ਅਮਰੀਕਾ ਨਾਲ ਸਹਿਮਤ ਪ੍ਰਗਟ ਕਰ ਰਹੇ ਹਨ।