
ਜੀ7 ਸੰਮੇਲਨ ਦੌਰਾਨ ਗਰਮਖਿਆਲੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਪ੍ਰਦਰਸ਼ਨ
ਵੈਨਕੂਵਰ : ਅਲਬਰਟਾ ਨੇੜਲੇ ਸ਼ਹਿਰ ਕਨਾਨਸਕੀ ਵਿੱਚ ਚੱਲ ਰਹੇ ਤਿੰਨ ਦਿਨਾ ਜੀ 7 ਸੰਮੇਲਨ ਵਿੱਚ ਸ਼ਮੂਲੀਅਤ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਲਗਰੀ ਪਹੁੰਚ ਗਏ ਹਨ। ਹਵਾਈ ਅੱਡੇ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਪਰ ਉਨ੍ਹਾਂ ਦੇ ਅਗਲੇ ਪ੍ਰੋਗਰਾਮ ਬਾਰੇ ਸਰਕਾਰੀ ਤੌਰ ’ਤੇ ਭਿਣਕ ਨਹੀਂ ਕੱਢੀ ਗਈ।
ਕੈਨੇਡਿਆਈ ਮੀਡੀਆ ਵਲੋਂ ਨਰਿੰਦਰ ਮੋਦੀ ਦੀ ਆਮਦ ਬਾਰੇ ਚੁੱਪ ਵੱਟੀ ਗਈ। ਕੈਨੇਡਾ ਸਰਕਾਰ ਵਲੋਂ ਵੀ ਉਨ੍ਹਾਂ ਦੀ ਆਮਦ ਬਾਰੇ ਕੁਝ ਨਹੀਂ ਸੀ ਦੱਸਿਆ ਗਿਆ। ਕੈਨੇਡਾ ਤੇ ਅਮਰੀਕਾ ਵੱਸਦੇ ਭਾਰਤੀ ਮੂਲ ਦੇ ਕੁਝ ਗਰਮਖਿਆਲੀਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਦੌਰੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਨ੍ਹਾਂ ਗਰਮਖਿਆਲੀਆਂ ਵੱਲੋਂ ਸੰਮੇਲਨ ਨੂੰ ਜਾਂਦੀ ਸੜਕ ’ਤੇ ਰੋਸ ਵਿਖਾਵੇ ਕੀਤੇ ਗਏ । ਸ੍ਰੀ ਮੋਦੀ ਮੰਗਲਵਾਰ ਤੇ ਬੁੱਧਵਾਰ ਨੂੰ ਸਿਖਰ ਸੰਮੇਲਨ ਵਿੱਚ ਸ਼ਾਮਲ ਹੋ ਕੇ ਕਈ ਦੇਸ਼ਾਂ ਦੇ ਆਗੂਆਂ ਨਾਲ ਵਿਚਾਰ ਚਰਚਾ ਤੇ ਕਈ ਵਪਾਰਕ ਸਮਝੌਤੇ ਵੀ ਸਹੀਬੰਦ ਕਰਨਗੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਜ਼ਰਾਈਲ ਇਰਾਨ ਟਕਰਾਅ ਵਧਣ ਕਰਕੇ ਸੰਮੇਲਨ ਅੱਧ ਵਿਚਾਲੇ ਛੱਡ ਕੇ ਵਾਪਸ ਜਾਣ ਤੋਂ ਪਹਿਲਾਂ ਉਹ ਭਾਰਤੀ ਪ੍ਰਧਾਨ ਮੰਤਰੀ ਨਾਲ ਬੈਠਕ ਕਰ ਸਕਦੇ ਹਨ।