
‘ਡੰਕੀ’ ਰੂਟ ਰਾਹੀਂ ਅਮਰੀਕਾ ਭੇਜਣ ਵਾਲਿਆਂ ਕਾਰਨ ਭਾਰਤੀ ਪਾਸਪੋਰਟ ਦੀ ਬਦਨਾਮੀ ਹੋਈ: ਸੁਪਰੀਮ ਕੋਰਟ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇੱਕ ਵਿਅਕਤੀ ਨੂੰ ‘ਡੰਕੀ’ ਰੂਟ ਰਾਹੀਂ ਅਮਰੀਕਾ ਭੇਜਣ ਦਾ ਵਾਅਦਾ ਕਰ ਕੇ ਠੱਗੀ ਮਾਰਨ ਦੇ ਕੇਸ ਦੇ ਇਕ ਮੁਲਜ਼ਮ ਏਜੰਟ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਅਜਿਹੇ ਲੋਕ ਭਾਰਤੀ ਪਾਸਪੋਰਟਾਂ ਦੀ ਬਦਨਾਮੀ ਕਰਦੇ ਹਨ।
ਜਸਟਿਸ ਉੱਜਲ ਭੂਈਆਂ ਅਤੇ ਜਸਟਿਸ ਮਨਮੋਹਨ ਦੇ ਬੈਂਚ ਨੇ ਕਿਹਾ, “ਤੁਹਾਡੇ ਵਰਗੇ ਲੋਕਾਂ ਕਾਰਨ, ਭਾਰਤੀ ਪਾਸਪੋਰਟ ਦੀ ਬਦਨਾਮੀ ਹੁੰਦੀ ਹੈ।”ਸਿਖਰਲੀ ਅਦਾਲਤ ਨੇ ਕਿਹਾ ਕਿ ਕੁਝ ਲੋਕਾਂ ਦੇ ਅਜਿਹੇ ਕੰਮਾਂ ਨਾਲ ਭਾਰਤੀ ਪਾਸਪੋਰਟਾਂ ਦੀ ਬੇਕਦਰੀ ਹੁੰਦੀ ਹੈ।
“ਡੰਕੀ ਰੂਟ”ਜਾਂ “ਡੰਕੀ ਯਾਤਰਾ”ਪਰਵਾਸ ਦੇ ਇੱਕ ਗੈਰ-ਕਾਨੂੰਨੀ ਢੰਗ ਨੂੰ ਦਰਸਾਉਂਦਾ ਹੈ, ਜੋ ਆਮ ਤੌਰ ‘ਤੇ ਅਮਰੀਕਾ ਜਾਂ ਬਰਤਾਨੀਆ ਵਰਗੇ ਮੁਲਕਾਂ ਵਿੱਚ ਦਾਖਲ ਹੋਣ ਲਈ ਵਰਤਿਆ ਜਾਂਦਾ ਹੈ। ਇਹ ਕਾਰਵਾਈ ਮਨੁੱਖੀ ਤਸਕਰਾਂ ਵੱਲੋਂ ਕਾਨੂੰਨੀ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਨੂੰ ਬਾਈਪਾਸ ਕਰਦਿਆਂ ਅਮਲ ਵਿਚ ਲਿਆਂਦੀ ਜਾਂਦੀ ਹੈ, ਜਿਸ ਤਹਿਤ ਵੱਖ-ਵੱਖ ਦੇਸ਼ਾਂ ਵਿੱਚੋਂ ਲੰਘਣਾ ਅਤੇ ਅਕਸਰ ਔਖੇ ਤੇ ਖ਼ਤਰਨਾਕ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਮਾਮਲੇ ਦੇ ਤੱਥਾਂ ਦਾ ਹਵਾਲਾ ਦਿੰਦੇ ਹੋਏ ਬੈਂਚ ਨੇ ਕਿਹਾ ਕਿ ਮੁਲਜ਼ਮ ਨੇ ਨਾ ਸਿਰਫ਼ ਵਿਅਕਤੀ ਨੂੰ ਧੋਖਾ ਦਿੱਤਾ, ਸਗੋਂ ਉਸਨੂੰ ਅਮਰੀਕਾ ਵਿਚ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਕਰਾਉਣ ਲਈ ਉਥੋਂ ਦੀ ਸਰਹੱਦ ਨਾਲ ਲੱਗਦੇ ਕਈ ਦੇਸ਼ਾਂ ਵਿੱਚ ਅਣਮਨੁੱਖੀ ਹਾਲਾਤ ਵਿੱਚ ਯਾਤਰਾ ਕਰਨ ਲਈ ਮਜਬੂਰ ਕੀਤਾ। ਬੈਂਚ ਨੇ ਦੋਸ਼ਾਂ ਨੂੰ “ਬਹੁਤ ਗੰਭੀਰ”ਕਰਾਰ ਦਿੱਤਾ ਅਤੇ ਹਰਿਆਣਾ ਦੇ ਰਹਿਣ ਵਾਲੇ ਓਮ ਪ੍ਰਕਾਸ਼ ਦੀ ਅਗਾਊਂ ਜ਼ਮਾਨਤ ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ।
ਇਹ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਹੁਕਮ ਖ਼?ਲਾਫ਼ ਦਾਇਰ ਕੀਤੀ ਗਈ ਸੀ ਜਿਸ ਵਿੱਚ ਉਸ ਨੂੰ ਰਾਹਤ ਦੇਣ ਤੋਂ ਇਨਕਾਰ ਕੀਤਾ ਗਿਆ ਸੀ।
ਐਫਆਈਆਰ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਪ੍ਰਕਾਸ਼ ਮੁੱਖ ਮੁਲਜ਼ਮ ਏਜੰਟ ਦਾ ਸਾਥੀ ਸੀ, ਜਿਸ ਨੇ ਸ਼ਿਕਾਇਤਕਰਤਾ ਨੂੰ ਭਰੋਸਾ ਦਿੱਤਾ ਸੀ ਕਿ ਉਹ ਉਸ ਨੂੰ 43 ਲੱਖ ਰੁਪਏ ਦੀ ਅਦਾਇਗੀ ‘ਤੇ ਜਾਇਜ਼ ਤਰੀਕਿਆਂ ਨਾਲ ਅਮਰੀਕਾ ਭੇਜਿਆ ਜਾਵੇਗਾ, ਪਰ ਅਜਿਹਾ ਨਹੀਂ ਹੋਇਆ। ਉਸ ਨੂੰ ਡੰਕੀ ਰੂਟ ਰਾਹੀਂ ਅਮਰੀਕਾ ਦਾਖ਼ਲ ਕਰਵਾਇਆ ਗਿਆ, ਜਿਥੇ ਉਹ ਫੜਿਆ ਗਿਆ ਤੇ ਅਮਰਕੀਾ ਵੱਲੋਂ 16 ਫਰਵਰੀ, 2025 ਨੂੰ ਉਸ ਨੂੰ ਹੋਰ ਲੋਕਾਂ ਨਾਲ ਡਿਪੋਰਟ ਕਰ ਕੇ ਭਾਰਤ ਭੇਜ ਦਿੱਤਾ ਗਿਆ।