
ਨਾਸਾ ਦਾ ਮਿਸ਼ਨ 6ਵੀਂ ਵਾਰ ਮੁਲਤਵੀ
ਨਵੀਂ ਦਿੱਲੀ : ਨਾਸਾ ਨੇ 22 ਜੂਨ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਐਕਸੀਓਮ-4 ਮਿਸ਼ਨ ਦੀ ਲਾਂਚਿੰਗ ਇੱਕ ਵਾਰ ਫੇਰ ਮੁਲਤਵੀ ਕਰ ਦਿੱਤੀ ਹੈ। ਇਸ ਮਿਸ਼ਨ ਵਿੱਚ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਸਮੇਤ ਤਿੰਨ ਹੋਰ ਪੁਲਾੜ ਯਾਤਰੀਆਂ ਨੇ ਜਾਣਾ ਸੀ। ਨਾਸਾ ਨੇ ਕਿਹਾ ਹੈ ਕਿ ਹਾਲ ਹੀ ਵਿੱਚ 9SS ਦੇ ਰੂਸੀ ਹਿੱਸੇ ਵਿੱਚ ਹੋਈ ਮੁਰੰਮਤ ਤੋਂ ਬਾਅਦ ਓਰਬਿਟਲ ਲੈਬ ’ਤੇ ਕਾਰਵਾਈਆਂ ਦਾ ਮੁਲਾਂਕਣ ਕਰਨ ਲਈ ਉਨ੍ਹਾਂ ਨੂੰ ਹੋਰ ਸਮਾਂ ਚਾਹੀਦਾ ਹੈ। ਐਕਸੀਓਮ-4 ਮਿਸ਼ਨ ਲਾਂਚ ਕਰਨ ਲਈ 22 ਜੂਨ ਨਿਰਧਾਰਿਤ ਕੀਤੀ ਗਈ ਸੀ।
ਨਾਸਾ ਨੇ ਦੱਸਿਆ ਕਿ ਪੁਲਾੜ ਏਜੰਸੀ ਨੂੰ ਓਰਬਿਟਲ ਲੈਬਾਰਟਰੀ ਦੇ ਜ਼ਵੇਜ਼ਦਾ ਸਰਵਿਸ ਮੋਡਿਊਲ ਦੇ ਪਿਛਲੇ (ਆਖਰੀ) ਹਿੱਸੇ ਵਿੱਚ ਹਾਲ ਹੀ ਵਿੱਚ ਹੋਏ ਮੁਰੰਮਤ ਕਾਰਜਾਂ ਤੋਂ ਬਾਅਦ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀਆਂ ਕਾਰਵਾਈਆਂ ਦਾ ਮੁਲਾਂਕਣ ਕਰਨਾ ਜਾਰੀ ਰੱਖਣ ਲਈ ਵਾਧੂ ਸਮੇਂ ਦੀ ਲੋੜ ਹੈ। ਐਕਸੀਓਮ ਸਪੇਸ ਦੇ ਬਿਆਨ ਅਨੁਸਾਰ ਪੁਲਾੜ ਸਟੇਸ਼ਨ ਦੀਆਂ ਆਪਸ ਵਿੱਚ ਜੁੜੀਆਂ ਅਤੇ ਇੱਕ ਦੂਜੇ ’ਤੇ ਨਿਰਭਰ ਪ੍ਰਣਾਲੀਆਂ ਕਾਰਨ ਨਾਸਾ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਸਟੇਸ਼ਨ ਵਾਧੂ ਚਾਲਕ ਦਲ ਦੇ ਮੈਂਬਰਾਂ ਲਈ ਤਿਆਰ ਹੈ ਅਤੇ ਏਜੰਸੀ ਡੇਟਾ ਦੀ ਸਮੀਖਿਆ ਕਰਨ ਲਈ ਜ਼ਰੂਰੀ ਸਮਾਂ ਲੈ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਮਿਸ਼ਨ ਨੂੰ ਹੁਣ ਤੱਕ 6ਵੀਂ ਵਾਰ ਮੁਲਤਵੀ ਕਰ ਦਿੱਤਾ ਗਿਆ ਹੈ।