
ਪਹਿਲੀ ਜੁਲਾਈ ਵਧਿਆ ਰੇਲ ਕਿਰਾਇਆ
ਨਵੀਂ ਦਿੱਲੀ : ਰੇਲਵੇ ਮੰਤਰਾਲੇ ਨੇ ਮੇਲ ਅਤੇ ਐਕਸਪ੍ਰੈਸ ਟਰੇਨਾਂ ਵਿੱਚ ਨਾਨ-ਏਸੀ ਕਲਾਸਾਂ ਦੇ ਕਿਰਾਏ ਵਿੱਚ ਇਕ ਪੈਸੇ ਅਤੇ ਸਾਰੀਆਂ ਏਸੀ ਕਲਾਸਾਂ ਦੇ ਕਿਰਾਏ ਵਿੱਚ ਦੋ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਹੈ। ਇਹ ਵਾਧਾ ਪਹਿਲੀ ਜੁਲਾਈ ਤੋਂ ਲਾਗੂ ਹੋਵੇਗਾ। ਮੰਤਰਾਲੇ ਦੇ ਅਧਿਕਾਰੀਆਂ ਨੇ ਇਸ ਤੋਂ ਪਹਿਲਾਂ 24 ਜੂਨ ਨੂੰ ਕਿਰਾਏ ਵਿਚ ਵਾਧਾ ਕਰਨ ਦਾ ਸੰਕੇਤ ਦਿੱਤਾ ਸੀ। ਰੇਲਵੇ ਨੇ ਰੋਜ਼ਾਨਾ ਸਫਰ ਕਰਨ ਵਾਲੇ ਯਾਤਰੀਆਂ ਦੇ ਹਿੱਤ ਵਿੱਚ ਉਪਨਗਰੀ ਦੀਆਂ ਰੇਲ ਗੱਡੀਆਂ ਅਤੇ ਮਹੀਨਾਵਾਰ ਸੀਜ਼ਨ ਟਿਕਟਾਂ ਦੇ ਕਿਰਾਏ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। 500 ਕਿਲੋਮੀਟਰ ਤੱਕ ਆਮ ਸੈਕਿੰਡ ਕਲਾਸ ਦਾ ਕਿਰਾਇਆ ਨਹੀਂ ਵਧਾਇਆ ਗਿਆ ਹੈ ਅਤੇ ਇਸ ਤੋਂ ਅੱਗੇ ਦੀ ਦੂਰੀ ਲਈ ਟਿਕਟ ਦੀਆਂ ਕੀਮਤਾਂ ਵਿੱਚ ਅੱਧੇ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ। ਆਮ ਸਲੀਪਰ ਕਲਾਸ ਅਤੇ ਫਸਟ ਕਲਾਸ ਦੇ ਯਾਤਰੀਆਂ ਨੂੰ ਵੀ ਪਹਿਲੀ ਜੁਲਾਈ ਤੋਂ ਰੇਲ ਸਫਰ ਲਈ ਅੱਧਾ ਪੈਸੇ ਪ੍ਰਤੀ ਕਿਲੋਮੀਟਰ ਵੱਧ ਦੇਣੇ ਪੈਣਗੇ।