
ਬਿਲਾਵਲ ਭੁੱਟੋ ਵੱਲੋਂ ਭਾਰਤ ਨੂੰ ਗੱਲਬਾਤ ਦੀ ਮੇਜ਼ ’ਤੇ ਆਉਣ ਦੀ ਅਪੀਲ
ਇਸਲਾਮਾਬਾਦ : ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਭਾਰਤ ਨੂੰ ਗੱਲਬਾਤ ਦੀ ਮੇਜ਼ ’ਤੇ ਪਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਸਾਰੇ ਬਕਾਇਆ ਮੁੱਦੇ ਸਿਰਫ਼ ਵਿਆਪਕ ਗੱਲਬਾਤ ਰਾਹੀਂ ਹੀ ਹੱਲ ਕੀਤੇ ਜਾ ਸਕਦੇ ਹਨ। ਪਾਕਿ ਸੰਸਦੀ ਵਫ਼ਦ ਦੀ ਅਗਵਾਈ ਕਰ ਰਹੇ ਬਿਲਾਵਲ ਨੇ ਬ੍ਰਸੇਲਜ਼ ਦੇ ਦੌਰੇ ਦੌਰਾਨ ਜਰਮਨ ਪ੍ਰਸਾਰਕ ਡੀ.ਡਬਲਯੂ. ਉਰਦੂ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਹ ਟਿੱਪਣੀਆਂ ਕੀਤੀਆਂ।
ਬਿਲਾਵਲ ਭੁੱਟੋ ਨੇ ਕਿਹਾ ਕਿ, ‘‘ਪਾਕਿਸਤਾਨ ਅਤੇ ਭਾਰਤ ਦਰਮਿਆਨ ਸਾਰੇ ਬਕਾਇਆ ਮੁੱਦੇ ਸਿਰਫ਼ ਵਿਆਪਕ ਗੱਲਬਾਤ ਰਾਹੀਂ ਹੀ ਹੱਲ ਕੀਤੇ ਜਾ ਸਕਦੇ ਹਨ। ਜੇ ਭਾਰਤ ਮੇਜ਼ (ਗੱਲਬਾਤ ਲਈ) ’ਤੇ ਨਹੀਂ ਆਉਂਦਾ, ਤਾਂ ਇਹ ਉਨ੍ਹਾਂ ਦੇ ਹੱਕ ਵਿੱਚ ਨਹੀਂ ਹੋਵੇਗਾ।’’ ਸਾਬਕਾ ਵਿਦੇਸ਼ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਭਾਰਤ ਵੱਲੋਂ ਪਾਕਿਸਤਾਨ ਦੀ ਪਾਣੀ ਦੀ ਸਪਲਾਈ ਨੂੰ ਰੋਕਣ ਦੀ ਕੋਈ ਵੀ ਕੋਸ਼ਿਸ਼ ਇੱਕ ਹੋਂਦ ਦਾ ਖ਼ਤਰਾ ਮੰਨਿਆ ਜਾਵੇਗਾ, ਜਿਸ ਨਾਲ ਪਾਕਿਸਤਾਨ ਕੋਲ ਜੰਗ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਬਚੇਗਾ। ਇਸ ਤੋਂ ਇੱਕ ਦਿਨ ਪਹਿਲਾਂ ਬਿਲਾਵਲ ਨੇ ਕੌਮਾਂਤਰੀ ਭਾਈਚਾਰੇ ਨੂੰ ਭਾਰਤ ਨੂੰ ਗੱਲਬਾਤ ਲਈ ਮੇਜ਼ ’ਤੇ ਲਿਆਉਣ ਅਤੇ ਦੱਖਣੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਯਕੀਨੀ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਸੀ। ਜਿਸ ਵਿੱਚ ਕਸ਼ਮੀਰ ਮੁੱਦਾ, ਪਾਣੀ ਦਾ ਮੁੱਦਾ ਅਤੇ ਅਤਿਵਾਦ ਦਾ ਹੱਲ ਸ਼ਾਮਲ ਹੈ।