
ਮਜੀਠੀਆ ਦੀ ਹਮਾਇਤ ਵਿਚ ਨਿੱਤਰੇ ਸੁਖਪਾਲ ਖਹਿਰਾ ਅਤੇ ਰਵਨੀਤ ਬਿੱਟੂ
ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੰਮ੍ਰਿਤਸਰ ਵਿਚ ਬਿਕਰਮ ਸਿੰਘ ਮਜੀਠੀਆ ਦੀ ਰਿਹਾਇਸ਼ ’ਤੇ ਮਾਰੇ ਛਾਪੇ ਮਗਰੋਂ ਕਾਂਗਰਸੀ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਕਾਲੀ ਆਗੂ ਦੀ ਹਮਾਇਤ ਵਿਚ ਖੁੱਲ੍ਹ ਕੇ ਨਿੱਤਰ ਆਏ ਹਨ।
ਖਹਿਰਾ ਨੇ ਆਪਣੇ ਅਧਿਕਾਰਤ ਫੇਸਬੁੱਕ ਅਕਾਊਂਟ ’ਤੇ ਪੋਸਟ ਕੀਤੀ ਵੀਡੀਓ ਵਿਚ ਵਿਜੀਲੈਂਸ ਛਾਪਿਆਂ ਦੀ ਨਿਖੇਧੀ ਕਰਦਿਆਂ ਇਸ ਨੂੰ ਸਿਆਸੀ ਬਦਲਾਖੋਰੀ ਦੀ ਕਾਰਵਾਈ ਕਰਾਰ ਦਿੱਤਾ ਹੈ। ਖਹਿਰਾ ਨੇ ਪੰਜਾਬ ਵਿਚ ਵਿਗੜਦੇ ਸਿਆਸੀ ਮਾਹੌਲ ’ਤੇ ਵੀ ਫ਼ਿਕਰ ਜਤਾਇਆ ਹੈ। ਕਾਂਗਰਸੀ ਆਗੂ ਨੇ ਕਿਹਾ, ‘‘ਮੈਂ ਬਿਕਰਮ ਮਜੀਠੀਆ ਦੀ ਰਿਹਾਇਸ਼ ਤੇ ਹੋਰਨਾਂ ਟਿਕਾਣਿਆਂ ’ਤੇ ਸਿਆਸੀ ਬਦਲਾਖੋਰੀ ਦੇ ਇਰਾਦੇ ਨਾਲ ਮਾਰੇ ਛਾਪਿਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹਾਂ। ਪੰਜਾਬ ਹੁਣ ਪੁਲੀਸ ਰਾਜ ਵਿਚ ਬਦਲ ਗਿਆ ਹੈ।’’
ਮਜੀਠੀਆ, ਜਿਨ੍ਹਾਂ ਖਿਲਾਫ਼ 2021 ਦੇ ਇੱਕ ਡਰੱਗ ਕੇਸ ਵਿੱਚ ਜਾਂਚ ਜਾਰੀ ਹੈ, ਨੇ ਦੋਸ਼ ਲਗਾਇਆ ਕਿ ਵਿਜੀਲੈਂਸ ਬਿਊਰੋ ਦੀ 30 ਮੈਂਬਰੀ ਟੀਮ ਜਬਰੀ ਉਨ੍ਹਾਂ ਦੇ ਘਰ ਵਿਚ ਦਾਖਲ ਹੋਈ। ਉਨ੍ਹਾਂ ਦੀ ਪਤਨੀ ਤੇ ਅਕਾਲੀ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਕਾਰਵਾਈ ਦੇ ਮੰਤਵ ਬਾਰੇ ਸੂਚਿਤ ਨਹੀਂ ਕੀਤਾ ਗਿਆ ਸੀ।
ਐਕਸ ’ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ, ਮਜੀਠੀਆ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ’ਤੇ ਉਨ੍ਹਾਂ ਨੂੰ ਝੂਠੇ ਕੇਸਾਂ ਨਾਲ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ। ਮਜੀਠੀਆ ਨੇ ਕਿਹਾ, ‘‘ਭਗਵੰਤ ਮਾਨ ਜੀ, ਇਹ ਸਮਝੋ, ਤੁਸੀਂ ਜਿੰਨੀਆਂ ਮਰਜ਼ੀ ਐਫਆਈਆਰ’ਜ਼ ਦਰਜ ਕਰੋ, ਨਾ ਤਾਂ ਮੈਂ ਡਰਾਂਗਾ ਅਤੇ ਨਾ ਹੀ ਤੁਹਾਡੀ ਸਰਕਾਰ ਮੇਰੀ ਆਵਾਜ਼ ਨੂੰ ਦਬਾ ਸਕੇਗੀ।’’ ਅਕਾਲੀ ਆਗੂ ਨੇ ਕਿਹਾ, ‘‘ਮੈਂ ਹਮੇਸ਼ਾ ਪੰਜਾਬ ਦੇ ਮੁੱਦਿਆਂ ਬਾਰੇ ਗੱਲ ਕੀਤੀ ਹੈ ਅਤੇ ਅਜਿਹਾ ਕਰਦਾ ਰਹਾਂਗਾ।’’
ਉੱਧਰ ਵਿਜੀਲੈਂਸ ਵੱਲੋਂ ਮਜੀਠੀਆ ਵਿਰੁੱਧ ਕੀਤੀ ਗਈ ਕਾਰਵਾਈ ’ਤੇ ਪ੍ਰਤੀਕਿਰਿਆ ਦਿੰਦਿਆਂ ਐਕਸ ’ਤੇ ਪੋਸਟ ਕੀਤਾ, ‘‘ਭਗਵੰਤ ਮਾਨ ਵੱਲੋਂ ਵਿਜੀਲੈਂਸ ਦੀ ਦੁਰਵਰਤੋ ਬਹੁਤ ਹਲਕੀ ਰਾਜਨੀਤੀ ਦਾ ਸਬੂਤ ਦਿੰਦੀ ਹੈ। ਜੋ ਕਾਂਗਰਸ ਨੇ ਐਮਰਜੈਂਸੀ ਲਗਾ ਕੇ ਕੀਤਾ ਸੀ, ਉਹੀ ਹਾਲ ਭਗਵੰਤ ਮਾਨ ਨੇ ਪੰਜਾਬ ਵਿਚ ਕੀਤਾ ਹੈ। ਜਿਹੜਾ ਆਗੂ ਮਾਨ ਦੇ ਜਾਂ ਸਰਕਾਰ ਦੀ ਨਾਕਾਮੀ ਤੇ ਸਵਾਲ ਚੁੱਕ ਦਾ ਹੈ, ਉਸ ਨੂੰ ਡਰਾ ਧਮਕਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।’’ ਉਨ੍ਹਾਂ ਲਿਖਿਆ, ‘‘ਭਗਵੰਤ ਮਾਨ ਪੰਜਾਬ ਦੇ ਲੋਕਾਂ ਲਈ ਜਿਹੜੇ ਕੰਡੇ ਤੁਸੀਂ ਬੀਜ ਰਹੇ ਹੋ ਸੋ ਬੀਜ ਰਹੇ ਹੋ, ਪਰ ਜਿਹੜੇ ਕੰਡੇ ਆਪਣੀ ਨਿੱਜੀ ਜ਼ਿੰਦਗੀ ਚ ਬੀਜ ਰਹੇ ਹੋ ਇਹ 2027 ਤੋਂ ਬਾਅਦ ਚੁਗਣੇ ਮੁਸ਼ਕਿਲ ਹੋ ਜਾਣਗੇ।’’