
ਮਹਿਲਾ ਡਾਕਟਰ ਵੱਲੋਂ ਏਅਰ ਇੰਡੀਆ ਨੂੰ ਧਮਕੀ
‘ਮੈਂ ਜਹਾਜ਼ ਨੂੰ ਕਰੈਸ਼ ਕਰ ਦਿਆਂਗੀ’
ਚੰਡੀਗੜ੍ਹ :‘ਮੈਂ ਜਹਾਜ਼ ਨੂੰ ਕਰੈਸ਼ ਕਰ ਦਿਆਂਗੀ’ ਦੀ ਧਮਕੀ ਦਿੰਦਿਆਂ ਮਹਿਲਾ ਡਾਕਟਰ ਨੇ ਏਅਰ ਇੰਡੀਆ ਸਟਾਫ ਨੂੰ ਡਰਾ ਦਿੱਤਾ। ਇਹ ਘਟਨਾ ਬੰਗਲੂਰੂ ਹਵਾਈ ਅੱਡੇ ਉਤੇ ਉਦੋਂ ਵਾਪਰੀ ਜਦੋਂ ਡਾ. ਵਿਆਸ ਹੀਰਲ ਮੋਹਨਭਾਈ ਨਾਮੀ ਇੱਕ ਮਹਿਲਾ ਡਾਕਟਰ ਨੇ ਏਅਰ ਇੰਡੀਆ ਦੀ ਇਕ ਉਡਾਣ ਦੇ ਅਮਲੇ ਨੂੰ ਜਹਾਜ਼ ਕਰੈਸ਼ ਕਰ ਦੇਣ ਦੀ ਧਮਕੀ ਦਿੱਤੀ ਅਤੇ ਇਸ ਕਾਰਨ ਅਮਲੇ ਨੂੰ ਉਸ ਨੂੰ ਜਹਾਜ਼ ਤੋਂ ਉਤਾਰਨਾ ਪਿਆ। ਆਪਣੇ ਸਾਮਾਨ ਕਾਰਨ ਅਮਲੇ ਨਾਲ ਹੋਏ ਝਗੜੇ ਕਰ ਕੇ ਲੋਹੀ ਲਾਖੀ ਹੋਈ ਡਾਕਟਰ ਨੇ ਇਹ ਧਮਕੀ ਦਿੱਤੀ ਸੀ।
ਮੋਹਨਭਾਈ ਦਾ ਉਡਾਣ ਅਮਲੇ ਨਾਲ ਉਦੋਂ ਝਗੜਾ ਹੋ ਗਿਆ ਜਦੋਂ ਉਸ ਵੱਲੋਂ ਆਪਣੀ ਸੀਟ ‘ਤੇ ਜਾਣ ਤੋਂ ਪਹਿਲਾਂ ਹੀ ਆਪਣਾ ਕੈਬਿਨ ਲਗੇਜ ਵਾਲਾ ਸਾਮਾਨ ਜਹਾਜ਼ ਦੀ ਪਹਿਲੀ ਕਤਾਰ ਵਿਚ ਰੱਖਣ ‘ਤੇ ਅਮਲੇ ਨੇ ਇਤਰਾਜ਼ ਕੀਤਾ। ਅਮਲੇ ਨੇ ਉਸ ਨੂੰ ਸਾਮਾਨ ਆਪਣੀ ਸੀਟ ਦੇ ਉੱਪਰਲੇ ਡੱਬੇ ਵਿੱਚ ਰੱਖਣ ਲਈ ਕਿਹਾ, ਪਰ ਉਸ ਨੇ ਇਸ ਧਿਆਨ ਨਹੀਂ ਦਿੱਤਾ ਅਤੇ ਕਥਿਤ ਤੌਰ ‘ਤੇ ਚਾਲਕ ਦਲ ਨਾਲ ਝਗੜਨਾ ਸ਼ੁਰੂ ਕਰ ਦਿੱਤਾ।
ਜਦੋਂ ਉਸ ਦੇ ਕੁਝ ਹਮਸਫ਼ਰ ਮੁਸਾਫ਼ਰਾਂ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕਥਿਤ ਤੌਰ ‘ਤੇ ਮੁਸਾਫ਼ਰਾਂ ਨਾਲ ਵੀ ਉਲਝ ਪਈ। ਉਸ ਨੇ ਅਮਲੇ ਨੂੰ ਧਮਕੀ ਦਿੱਤੀ ਕਿ ਉਹ ਜਹਾਜ਼ ਨੂੰ ਕਰੈਸ਼ ਕਰ ਦੇਵੇਗੀ।
ਇਸ ਤੋਂ ਬਾਅਦ, ਕੈਪਟਨ ਅਤੇ ਚਾਲਕ ਦਲ ਨੇ ਹਵਾਈ ਅੱਡੇ ਦੀ ਸੁਰੱਖਿਆ ਨੂੰ ਬੁਲਾਇਆ, ਜਿਸ ਨੇ ਡਾਕਟਰ ਨੂੰ ਜਹਾਜ਼ ਤੋਂ ਬਾਹਰ ਕੱਢ ਦਿੱਤਾ। ਰਿਪੋਰਟਾਂ ਅਨੁਸਾਰ ਪੁਲੀਸ ਸਟੇਸ਼ਨ ਲਿਜਾਏ ਜਾਣ ਤੋਂ ਬਾਅਦ ਵੀ ਔਰਤ ਇਸ ਤਰ੍ਹਾਂ ਦਾ ਵਿਹਾਰ ਕਰਦੀ ਰਹੀ। ਉਸ ਨੂੰ ਗਿ੍ਰਫਤਾਰ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।