ਮੋਦੀ ਦਾ ਟਰੰਪ ਨੂੰ ਸਪੱਸ਼ਟ ਜਵਾਬ : ਤੀਜੀ ਧਿਰ ਦਾ ਦਖ਼ਲ ਸਵੀਕਾਰ ਨਹੀਂ –


ਮੋਦੀ ਦਾ ਟਰੰਪ ਨੂੰ ਸਪੱਸ਼ਟ ਜਵਾਬ : ਤੀਜੀ ਧਿਰ ਦਾ ਦਖ਼ਲ ਸਵੀਕਾਰ ਨਹੀਂ

ਨਵੀਂ ਦਿੱਲੀ :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਕਿ ਪਿਛਲੇ ਮਹੀਨੇ ਭਾਰਤ-ਪਾਕਿ ਜੰਗ ਰੋਕਣ ਲਈ ਅਮਰੀਕਾ ਨੇ ਵਪਾਰ ਦਾ ਲਾਲਚ ਦਿੱਤਾ ਸੀ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤ ਨੇ ਕਸ਼ਮੀਰ ਬਾਰੇ ਕਦੇ ਵੀ ਕਿਸੇ ਤੀਜੀ ਧਿਰ ਦਾ ਦਖ਼ਲ ਸਵੀਕਾਰ ਨਹੀਂ ਕੀਤਾ ਤੇ ਨਾ ਹੀ ਭਵਿੱਖ ਵਿਚ ਕਦੇ ਕਰੇਗਾ।

ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਐਕਸ ’ਤੇ ਇਕ ਵੀਡੀਓ ਪੋਸਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਫੋਨ ’ਤੇ 35 ਮਿੰਟ ਦੇ ਕਰੀਬ ਗੱਲਬਾਤ ਕੀਤੀ। ਉਂਝ ਇਹ ਪਹਿਲੀ ਵਾਰ ਹੈ ਜਦੋਂ ਸ੍ਰੀ ਮੋਦੀ ਨੇ ਟਰੰਪ ਵੱਲੋਂ ਭਾਰਤ-ਪਾਕਿ ਜੰਗਬੰਦੀ ਵਿਚ ਵਿਚੋਲਗੀ ਨੂੰ ਲੈ ਕੇ ਵਾਰ ਵਾਰ ਕੀਤੇ ਜਾਂਦੇ ਦਾਅਵਿਆਂ ਬਾਰੇ ਕੋਈ ਟਿੱਪਣੀ ਕੀਤੀ ਹੈ। ਟਰੰਪ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਭਾਰਤ-ਪਾਕਿ ਜੰਗ ਰੋਕਣ ਲਈ ਵਪਾਰ ਦਾ ਲਾਲਚ ਦਿੱਤਾ ਸੀ ਤੇ ਕਸ਼ਮੀਰ ਮਸਲੇ ਦੇ ਹੱਲ ਲਈ ਵਿਚੋਲਗੀ ਦੀ ਪੇਸ਼ਕਸ਼ ਦੁਹਰਾਈ ਸੀ।

ਮਿਸਰੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਟਰੰਪ ਨੂੰ ਸਾਫ਼ ਕਰ ਦਿੱਤਾ ਕਿ ਇਸ ਪੂਰੇ ਘਟਨਾਕ੍ਰਮ (7 ਤੋਂ 10 ਮਈ) ਦੌਰਾਨ ਕਿਸੇ ਵੀ ਸਮੇਂ, ਕਿਸੇ ਵੀ ਪੱਧਰ ’ਤੇ, ਭਾਰਤ-ਅਮਰੀਕਾ ਵਪਾਰ ਸਮਝੌਤੇ ਜਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਅਮਰੀਕਾ ਵੱਲੋਂ ਵਿਚੋਲਗੀ ਵਰਗੇ ਮੁੱਦਿਆਂ ’ਤੇ ਚਰਚਾ ਨਹੀਂ ਕੀਤੀ ਗਈ।’’ ਫੌਜੀ ਕਾਰਵਾਈ ਰੋਕਣ ਦੇ ਫੈਸਲੇ ’ਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਸਿੱਧੇ ਤੌਰ ’ਤੇ ਦੋਵਾਂ ਮੁਲਕਾਂ ਦੀਆਂ ਫੌਜਾਂ ਦੇ ਮੌਜੂਦਾ ਚੈਨਲਾਂ ਰਾਹੀਂ ਚਰਚਾ ਪਾਕਿਸਤਾਨ ਦੀ ਬੇਨਤੀ ’ਤੇ ਕੀਤੀ ਗਈ ਸੀ। ਮਿਸਰੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਕਦੇ ਵੀ ਵਿਚੋਲਗੀ ਸਵੀਕਾਰ ਨਹੀਂ ਕੀਤੀ, ਨਾ ਹੀ ਇਸ ਨੂੰ ਕਦੇ ਕਰੇਗਾ। ਇਸ ਮੁੱਦੇ ’ਤੇ ਭਾਰਤ ਵਿੱਚ ਸਿਆਸੀ ਤੌਰ ’ਤੇ ਸਾਰੀਆਂ ਸਿਆਸੀ ਧਿਰਾਂ ’ਚ ਮੁਕੰਮਲ ਸਹਿਮਤੀ ਹੈ।’’ ਵਿਦੇਸ਼ ਸਕੱਤਰ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਵੱਲੋਂ ਉਠਾਏ ਗਏ ਨੁਕਤਿਆਂ ਨੂੰ ਸਮਝਿਆ ਅਤੇ ਅਤਿਵਾਦ ਵਿਰੁੱਧ ਭਾਰਤ ਦੀ ਲੜਾਈ ਲਈ ਸਹਿਮਤੀ ਦਿੱਤੀ।

ਮੋਦੀ ਨੇ ਟਰੰਪ ਨੂੰ ਦੱਸਿਆ ਕਿ ਭਾਰਤ ਹੁਣ ਦਹਿਸ਼ਤੀ ਸਰਗਰਮੀਆਂ ਨੂੰ ਪ੍ਰੌਕਸੀ ਵਜੋਂ ਨਹੀਂ ਬਲਕਿ ਜੰਗੀ ਕਾਰਵਾਈ (1ct of war) ਵਜੋਂ ਲਏਗਾ। ਜ਼ਿਕਰਯੋਗ ਹੈ ਕਿ ਮੋਦੀ ਅਤੇ ਟਰੰਪ ਨੇ 18 ਜੂਨ ਨੂੰ ਵ?ਹਾਈਟ ਹਾਊਸ ਵਿੱਚ ਟਰੰਪ ਦੇ ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਨਾਲ ਦੁਪਹਿਰ ਦੇ ਖਾਣੇ ਦੀ ਨਿਰਧਾਰਤ ਮੁਲਾਕਾਤ ਤੋਂ ਕੁਝ ਘੰਟੇ ਪਹਿਲਾਂ ਗੱਲਬਾਤ ਕੀਤੀ ਹੈ। ਚਰਚਾ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਟਰੰਪ ਨੂੰ ਅਪ੍ਰੇਸ਼ਨ ਸੰਧੂਰ ਬਾਰੇ ਵੀ ਜਾਣਕਾਰੀ ਦਿੱਤੀ। ਪਹਿਲਗਾਮ ਵਿਚ 22 ਅਪਰੈਲ ਨੂੰ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ ’ਤੇ ਸੰਵੇਦਨਾ ਜਤਾਉਂਦਿਆਂ ਅਤਿਵਾਦ ਖਿਲਾਫ਼ ਹਮਾਇਤ ਦਾ ਭਰੋਸਾ ਦਿੱਤਾ ਸੀ। ਉਸ ਤੋਂ ਬਾਅਦ ਦੋਵਾਂ ਆਗੂਆਂ ਦਰਮਿਆਨ ਇਹ ਪਹਿਲੀ ਗੱਲਬਾਤ ਸੀ।

ਕੈਨੇਡਾ ਵਿਚ ਜੀ7 ਸਿਖਰ ਸੰਮੇਲਨ ਤੋਂ ਇਕਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਡੋਨਲਡ ਟਰੰਪ ਵਿਚਾਲੇ ਬੈਠਕ ਤਜਵੀਜ਼ਤ ਸੀ, ਪਰ ਅਮਰੀਕੀ ਸਦਰ ਦੇ ਸੰਮੇਲਨ ਵਿਚਾਲੇ ਛੱਡ ਵਾਸ਼ਿੰਗਟਨ ਪਰਤਣ ਕਰਕੇ ਇਹ ਮੁਲਾਕਾਤ ਨਹੀਂ ਹੋ ਸਕੀ। ਇਹ ਟੈਲੀਫੋਨ ਕਾਲ ਰਾਸ਼ਟਰਪਤੀ ਟਰੰਪ ਦੀ ਬੇਨਤੀ ’ਤੇ ਹੋਈ ਸੀ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛਿਆ ਸੀ ਕਿ ਕੀ ਉਹ ਕੈਨੇਡਾ ਤੋਂ ਵਾਪਸ ਆਉਂਦੇ ਸਮੇਂ ਅਮਰੀਕਾ ਰੁਕ ਸਕਦੇ ਹਨ। ਸ੍ਰੀ ਮੋਦੀ ਨੇ ਹਾਲਾਂਕਿ ਪਹਿਲਾਂ ਤੋਂ ਨਿਰਧਾਰਤ ਰੁਝੇਵਿਆਂ ਕਾਰਨ ਅਸਮਰੱਥਾ ਜ਼ਾਹਰ ਕੀਤੀ।

  • Related Posts

    ਵਾਹਨਾਂ ਦੀ ਟੱਕਰ ’ਚ ਤਿੰਨਾਂ ਦੀ ਮੌਤਾਂ –

    ਵਾਹਨਾਂ ਦੀ ਟੱਕਰ ’ਚ ਤਿੰਨਾਂ ਦੀ ਮੌਤਾਂ ਫਗਵਾੜਾ : ਜਲੰਧਰ-ਅੰਮ੍ਰਿਤਸਰ ਹਾਈਵੇ ਉੱਤੇ ਅੱਜ ਸਵੇਰੇ ਗੁਡਾਨਾ ਪੁਲ ਨੇੜੇ ਤੇ ਢਿੱਲਵਾਂ ਟੌਲ ਪਲਾਜ਼ਾ ਤੋਂ ਐਨ ਪਹਿਲਾਂ ਅਰਟਿਗਾ ਗੱਡੀ ਦੇ ਚਾਰ ਪਹੀਆ ਵਾਹਨ…

    Continue reading
    ਪਰਾਗ ਜੈਨ ‘ਰਾਅ’ ਦੇ ਨਵੇਂ ਮੁਖੀ  –

    ਪਰਾਗ ਜੈਨ ‘ਰਾਅ’ ਦੇ ਨਵੇਂ ਮੁਖੀ ਨਵੀਂ ਦਿੱਲੀ : ਸੀਨੀਅਰ ਆਈਪੀਐੱਸ ਅਧਿਕਾਰੀ ਪਰਾਗ ਜੈਨ ਨੂੰ ਦੇਸ ਦੀ ਖੁਫ਼ੀਆ ਏਜੰਸੀ ‘ਰਾਅ’ (ਰਿਸਰਚ ਤੇ ਅਨੈਲੇਸਿਸ ਵਿੰਗ) ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ…

    Continue reading