ਮੰਡੀ ਵਿੱਚ ਭਾਰੀ ਹੜ੍ਹ, 4 ਮੌਤਾਂ, 16 ਲਾਪਤਾ – AMAZING TV – News from Punjab, India & Around the World

ਮੰਡੀ ਵਿੱਚ ਭਾਰੀ ਹੜ੍ਹ, 4 ਮੌਤਾਂ, 16 ਲਾਪਤਾ

ਹਾਈਵੇਅ ਜਾਮ, ਯਾਤਰੀ ਫਸੇ, ਸਕੂਲ ਬੰਦ

ਮੰਡੀ : ਹਿਮਾਚਲ ਪ੍ਰਦੇਸ਼ ਵਿਚ ਸੋਮਵਾਰ ਰਾਤ ਤੋਂ ਜਾਰੀ ਭਾਰੀ ਮੀਂਹ, ਹੜ੍ਹਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਕਰਕੇ ਮੰਡੀ ਜ਼ਿਲ੍ਹੇ ਵਿਚ ਵੱਡੇ ਪੱਧਰ ’ਤੇ ਤਬਾਹੀ ਮਚਾਈ ਹੈ। ਚਾਰ ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਜਦੋਂਕਿ 16 ਵਿਅਕਤੀ ਲਾਪਤਾ ਦੱਸੇ ਜਾਂਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਤੇ ਐੱਸਡੀਆਰਐੱਫ ਦੀਆਂ ਟੀਮਾਂ ਨੇ ਵੱਖ ਵੱਖ ਐਮਰਜੈਂਸੀ ਅਪਰੇਸ਼ਨਾਂ ਵਿਚ 99 ਵਿਅਕਤੀਆਂ ਨੂੰ ਬਚਾਉਣ ਦਾ ਦਾਅਵਾ ਕੀਤਾ ਹੈ।

ਇਸ ਦੌਰਾਨ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੇੜੇ ਪਹੁੰਚ ਗਿਆ ਹੈ। ਕੈਚਮੈਂਟ ਏਰੀਏ ਵਿਚ ਪਾਣੀ ਦਾ ਪੱਧਰ ਵਧਣ ਮਗਰੋਂ ਇਹਤਿਆਤ ਵਜੋਂ ਪੰਡੋਹ ਡੈਮ ਦੇ ਗੇਟ ਖੋਲ੍ਹ ਦਿੱਤੇ ਗਈ ਹੈ। ਪ੍ਰਸ਼ਾਸਨ ਨੇ ਸਥਾਨਕ ਲੋਕਾਂ ਤੇ ਸੈਲਾਨੀਆਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਉਨ੍ਹਾਂ ਨੂੰ ਨਦੀ ਨਾਲਿਆਂ ਦੇ ਕੰਢਿਆਂ ’ਤੇ ਨਾ ਜਾਣ ਦੀ ਅਪੀਲ ਕੀਤੀ ਹੈ।

ਕਰਸੋਗ ਸਬ-ਡਿਵੀਜ਼ਨ ਵਿੱਚ ਬੱਦਲ ਫਟਣ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ 16 ਹੋਰਾਂ ਨੂੰ ਬਚਾਇਆ ਗਿਆ। ਇਨ੍ਹਾਂ ਵਿੱਚ 12 ਬੱਚੇ ਅਤੇ 4 ਮਹਿਲਾਵਾਂ ਸ਼ਾਮਲ ਹਨ। ਰਿੱਕੀ ਪਿੰਡ ਦੇ ਸੱਤ ਜੀਆਂ ਦੇ ਇੱਕ ਪਰਿਵਾਰ ਨੂੰ ਬਾਹਰ ਕੱਢ ਕੇ ਸੁਰੱਖਿਅਤ ਟਿਕਾਣੇ ’ਤੇ ਭੇਜਿਆ ਗਿਆ ਹੈ। ਇਲਾਕੇ ਵਿੱਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

ਸੇਰਾਜ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਸਿਆਂਜ ਪਿੰਡ ਵਿਚ ਬਿਆਸ ਦੀ ਸਹਾਇਕ ਨਦੀ ਦੀ ਖੱਡ ਵਿੱਚ ਪਾਣੀ ਦਾ ਪੱਧਰ ਵਧਣ ਮਗਰੋਂ ਘੱਟੋ-ਘੱਟ ਦੋ ਘਰ ਰੁੜ੍ਹ ਗਏ, ਜਿਸ ਵਿਚ 9 ਵਿਅਕਤੀ ਵਹਿ ਗਏ। ਇਸੇ ਤਰ੍ਹਾਂ, ਧਰਮਪੁਰ ਉਪ-ਮੰਡਲ ਵਿੱਚ, ਸਯਾਥੀ ਪਿੰਡ ਵਿੱਚ ਕਈ ਘਰਾਂ ਅਤੇ ਗਊਸ਼ਾਲਾਵਾਂ ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਹੁਣ ਤੱਕ ਕਿਸੇ ਵੀ ਮਨੁੱਖੀ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ।

ਕੀਰਤਪੁਰ-ਮਨਾਲੀ ਹਾਈਵੇਅ ’ਤੇ ਜ਼ਮੀਨ ਖਿਸਕਣ ਤੇ ਢਿੱਗਾਂ ਡਿੱਗਣ ਕਰਕੇ ਮੰਡੀ ਤੇ ਕੁੱਲੂ ਵਿਚਾਲੇ ਕਈ ਥਾਵਾਂ ’ਤੇ ਸੜਕਾਂ ਬੰਦ ਹੋ ਗਈਆਂ ਹਨ। ਬਹੁਤ ਸਾਰੇ ਯਾਤਰੀ ਰਾਤ ਭਰ ਸੜਕੀ ਸੁਰੰਗਾਂ ਅੰਦਰ ਫਸੇ ਰਹੇ। ਜ਼ਿਲ੍ਹਾ ਪ੍ਰਸ਼ਾਸਨ ਦੇ ਵਲੰਟੀਅਰਾਂ ਫਸੇ ਲੋਕਾਂ ਨੂੰ ਭੋਜਨ ਅਤੇ ਪਾਣੀ ਦੀ ਸਪਲਾਈ ਕਰ ਰਹੇ ਹਨ। ਸੁਰੱਖਿਆ ਕਾਰਨਾਂ ਕਰਕੇ ਮੰਡੀ ਤੋਂ ਕੁੱਲੂ ਵੱਲ ਵਾਹਨਾਂ ਦੀ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕੱਲ੍ਹ ਦੇਰ ਸ਼ਾਮ ਸ਼ੁਰੂ ਹੋਏ ਭਾਰੀ ਮੀਂਹ ਕਾਰਨ ਹਾਈਵੇਅ ਮੁੜ ਚਾਲੂ ਕਰਨ ਵਿਚ ਦੇਰੀ ਹੋ ਰਹੀ ਹੈ। ਮੀਂਹ ਰੁਕਣ ਦੇ ਫਿਲਹਾਲ ਕੋਈ ਸੰਕੇਤ ਨਹੀਂ ਹਨ।

ਮੀਂਹ, ਜ਼ਮੀਨ ਖਿਸਕਣ ਅਤੇ ਬੰਦ ਸੜਕਾਂ ਕਾਰਨ ਪੈਦਾ ਹੋਏ ਖ਼ਤਰਨਾਕ ਹਾਲਾਤਾਂ ਨੂੰ ਦੇਖਦੇ ਹੋਏ, ਮੰਡੀ ਦੇ ਜ਼ਿਲ੍ਹਾ ਮੈਜਿਸਟਰੇਟ ਅਪੂਰਵ ਦੇਵਗਨ ਨੇ ਰੋਕਥਾਮ ਸੁਰੱਖਿਆ ਉਪਾਅ ਵਜੋਂ 1 ਜੁਲਾਈ, 2025 ਲਈ ਜ਼ਿਲ੍ਹੇ ਭਰ ਦੇ ਸਾਰੇ ਸਕੂਲ ਅਤੇ ਵਿਦਿਅਕ ਸੰਸਥਾਵਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਅਧਿਕਾਰੀ ਹਾਲਾਤ ’ਤੇ ਨੇੜਿਓਂ ਨਿਗਰਾਨੀ ਰੱਖ ਰਹੇ ਹਨ। ਸਥਾਨਕ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਧਿਕਾਰਤ ਐਡਵਾਈਜ਼ਰੀ ਦੀ ਪਾਲਣਾ ਕਰਨ ਅਤੇ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ ਘਰ ਤੋਂ ਬਾਹਰ ਨਾ ਨਿਕਲਣ। ਬਚਾਅ ਟੀਮਾਂ ਹਾਈ ਅਲਰਟ ’ਤੇ ਹਨ ਕਿਉਂਕਿ ਖੇਤਰ ਭਰ ਵਿੱਚ ਭਾਰੀ ਮੀਂਹ ਜਾਰੀ ਹੈ।

[

  • Related Posts

    Vigilance Files Chargesheet Against AAP MLA Raman Arora in Corruption Case

    ਰਮਨ ਅਰੋੜਾ ਖਿਲਾਫ਼ ਚਾਰਜਸ਼ੀਟ ਦਾਇਰ, ਮੁਸ਼ਕਿਲਾਂ ਵਧੀਆਂ ਜਲੰਧਰ : ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਵਿਜੀਲੈਂਸ ਬਿਊਰੋ ਨੇ ਉਨ੍ਹਾਂ ਵਿਰੁੱਧ…

    Continue reading
    Punjab Forms 15-Member Committee to Draft Anti-Sacrilege Law

    ਬੇਅਦਬੀ ਸਬੰਧੀ ਕਾਨੂੰਨ ਲਈ 15 ਮੈਂਬਰੀ ਕਮੇਟੀ ਬਣੀ ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਲਿਆਂਦੇ ਜਾ ਰਹੇ ਕਾਨੂੰਨ ਲਈ ਅੱਜ ਪੰਜਾਬ ਵਿਧਾਨ ਸਭਾ…

    Continue reading