
ਯੂਕਰੇਨ ਰਾਸ਼ਟਰਪਤੀ ਵੱਲੋਂ ਰੂਸ ’ਤੇ ਹੋਰ ਦਬਾਅ ਪਾਉਣ ਦੀ ਅਪੀਲ
ਕੀਵ : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਕੀਵ ਦੀ ਨੌਂ ਮੰਜ਼ਿਲਾ ਅਪਾਰਟਮੈਂਟ ਇਮਾਰਤ ’ਤੇ ਰੂਸੀ ਮਿਜ਼ਾਈਲ ਹਮਲਾ ਇਸ ਗੱਲ ਦਾ ਸੰਕੇਤ ਹੈ ਕਿ ਮਾਸਕੋ ’ਤੇ ਜੰਗਬੰਦੀ ਲਈ ਵਧੇਰੇ ਦਬਾਅ ਪਾਇਆ ਜਾਣਾ ਚਾਹੀਦਾ ਹੈ ਕਿਉਂਕਿ ਮਾਸਕੋ ਤਿੰਨ ਸਾਲਾਂ ਤੋਂ ਚੱਲ ਰਹੀ ਜੰਗ ਵਿੱਚ ਹਮਲੇ ਤੇਜ਼ ਕਰ ਰਿਹਾ ਹੈ। ਕੀਵ ’ਤੇ ਮੰਗਲਵਾਰ ਤੜਕੇ ਹੋਇਆ ਡਰੋਨ ਅਤੇ ਮਿਜ਼ਾਈਲ ਹਮਲਾ ਇਸ ਸਾਲ ਰਾਜਧਾਨੀ ’ਤੇ ਸਭ ਤੋਂ ਖ਼ਤਰਨਾਕ ਹਮਲਾ ਹੈ। ਇਸ ਹਮਲੇ ਵਿੱਚ ਸ਼ਹਿਰ ਭਰ ’ਚ 28 ਵਿਅਕਤੀਆਂ ਦੀ ਮੌਤ ਹੋ ਗਈ ਅਤੇ 142 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਕੀਵ ਫੌਜੀ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਕਾਚੈਂਕੋ ਨੇ ਅੱਜ ਦਿੱਤੀ। ਰਾਸ਼ਟਰਪਤੀ ਦਫ਼ਤਰ ਦੇ ਮੁਖੀ ਆਂਦਰੀ ਯਰਮਕ ਅਤੇ ਗ੍ਰਹਿ ਮੰਤਰੀ ਇਹੋਰ ਕਲੀਮੈਂਕੋ ਨਾਲ ਅੱਜ ਸਵੇਰੇ ਕੀਵ ਦੇ ਸੋਲੋਮਿਆਂਸਕੀ ਜ਼ਿਲ੍ਹੇ ਵਿੱਚ ਅਪਾਰਟਮੈਂਟ ਇਮਾਰਤ ਦਾ ਦੌਰਾ ਕੀਤਾ, ਉੱਥੇ ਫੁੱਲ ਚੜ੍ਹਾਏ ਅਤੇ ਉਨ੍ਹਾਂ 23 ਵਿਅਕਤੀਆਂ ਨੂੰ ਸ਼ਰਧਾਂਜਲੀ ਦਿੱਤੀ, ਜੋ ਮਿਜ਼ਾਈਲ ਦੇ ਸਿੱਧੇ ਹਮਲੇ ਵਿੱਚ ਮਾਰੇ ਗਏ ਸਨ। ਜ਼ੇਲੈਂਸਕੀ ਨੇ ਟੈਲੀਗ੍ਰਾਮ ’ਤੇ ਲਿਖਿਆ, ‘‘ਇਹ ਹਮਲਾ ਦੁਨੀਆ ਨੂੰ ਯਾਦ ਦਿਵਾਉਂਦਾ ਹੈ ਕਿ ਰੂਸ ਜੰਗਬੰਦੀ ਨੂੰ ਨਾਮਨਜ਼ੂਰ ਕਰਦਾ ਹੈ ਅਤੇ ਹੱਤਿਆਵਾਂ ਕਰਨ ਨੂੰ ਤਰਜੀਹ ਦਿੰਦਾ ਹੈ।’’ ਉਨ੍ਹਾਂ ਯੂਕਰੇਨ ਦੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਜੋ ਕਿ ਰੂਸ ’ਤੇ ਜੰਗ ਦੀ ਅਸਲ ਕੀਮਤ ਮਹਿਸੂਸ ਕਰਨ ਲਈ ਦਬਾਅ ਪਾਉਣ ਵਾਸਤੇ ਤਿਆਰ ਹਨ। ਕੀਵ ’ਤੇ ਹਮਲਾ ਰੂਸ ਵੱਲੋਂ ਮੁੜ ਤੋਂ ਯੂਕਰੇਨੀ ਹਵਾਈ ਸੁਰੱਖਿਆ ਨੂੰ ਤਹਿਸ-ਨਹਿਸ ਕਰਨ ਲਈ ਕੀਤੇ ਗਏ ਵਿਆਪਕ ਹਮਲੇ ਦਾ ਹਿੱਸਾ ਸੀ। ਰੂਸ ਨੇ 440 ਤੋਂ ਵੱਧ ਡਰੋਨ ਅਤੇ 32 ਮਿਜ਼ਾਈਲਾਂ ਦਾਗੀਆਂ, ਜਿਸ ਨੂੰ ਜ਼ੇਲੈਂਸਕੀ ਨੇ ਜੰਗ ਦੀ ਸਭ ਤੋਂ ਵੱਡੀ ਬੰਬਾਰੀ ਵਿੱਚੋਂ ਇਕ ਦੱਸਿਆ। ਰੂਸ ਲਗਪਗ 1000 ਕਿਲੋਮੀਟਰ ਦੀ ਮੂਹਰਲੀ ਕਤਾਰ ਦੇ ਕੁਝ ਹਿੱਸਿਆਂ ’ਤੇ ਗਰਮੀਆਂ ਵਿੱਚ ਖ਼ਤਰਨਾਕ ਹਮਲੇ ਕਰ ਰਿਹਾ ਹੈ, ਜਦਕਿ ਅਮਰੀਕਾ ਦੀ ਅਗਵਾਈ ਵਾਲੀਆਂ ਸ਼ਾਂਤੀ ਸਬੰਧੀ ਕੋਸ਼ਿਸ਼ਾਂ ਨੂੰ ਰਫ਼ਤਾਰ ਨਾਲ ਨਹੀਂ ਮਿਲ ਰਹੀ ਹੈ।