
ਵਿਦਿਆਰਥਣ ਨਾਲ ‘ਸਮੂਹਿਕ ਜਬਰ-ਜਨਾਹ
ਕੋਲਕਾਤਾ : ਕੋਲਕਾਤਾ ਦੇ ਇੱਕ ਲਾਅ ਕਾਲਜ ਵਿਚ ਇਕ ਵਿਦਿਆਰਥਣ ਨਾਲ ਇੱਕ ਸਾਬਕਾ ਵਿਦਿਆਰਥੀ ਵੱਲੋਂ ਸੰਸਥਾ ਦੇ ਅੰਦਰ ਕਥਿਤ ਤੌਰ ‘ਤੇ ਜਬਰ-ਜਨਾਹ ਕੀਤਾ ਗਿਆ, ਜਦੋਂ ਕਿ ਵਿਦਿਅਕ ਸੰਸਥਾ ਦੇ ਦੋ ਸੀਨੀਅਰ ਵਿਦਿਆਰਥੀਆਂ ਨੇ ਇਸ ਕਾਰੇ ਵਿਚ ਮੁੱਖ ਮੁਲਜ਼ਮ ਦੀ ਮਦਦ ਕੀਤੀ। ਇਹ ਜਾਣਕਾਰੀ ਇੱਕ ਪੁਲੀਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦਿੱਤੀ ਹੈ।
ਪੁਲੀਸ ਵੱਲੋਂ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਨ੍ਹਾਂ ਨੂੰ ਚਾਰ ਦਿਨਾਂ ਲਈ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲੀਸ ਨੇ ਕਿਹਾ ਕਿ ਪੀੜਤ ਦਾ ਨਿਆਂਇਕ ਮੈਜਿਸਟਰੇਟ ਦੇ ਸਾਹਮਣੇ ਗੁਪਤ ਬਿਆਨ ਲੈਣ ਦੀ ਪ੍ਰਕਿਰਿਆ ਵੀ ਚੱਲ ਰਹੀ ਸੀ।
ਸਾਊਥ ਕਲਕੱਤਾ ਲਾਅ ਕਾਲਜ ਵਿੱਚ ਹੋਈ ਇਸ ਭਿਆਨਕ ਘਟਨਾ ਨੇ ਪਿਛਲੇ ਸਾਲ ਅਗਸਤ ਵਿੱਚ ਸ਼ਹਿਰ ਦੇ ਆਰਜੀ ਕਰ ਮੈਡੀਕਲ ਕਾਲਜ ਦੇ ਅੰਦਰ ਇੱਕ ਇੰਟਰਨ ਨਾਲ ਬਲਾਤਕਾਰ ਅਤੇ ਕਤਲ ਦੀ ਘਟਨਾ ਦੀਆਂ ਭਿਆਨਕ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ, ਜਿਸ ਕਾਰਨ ਸਿਆਸੀ ਤੌਰ ’ਤੇ ਵੀ ਭਾਰੀ ਹਲਚਲ ਪੈਦਾ ਹੋ ਗਈ ਸੀ।
ਕਾਲਜ ਦੇ ਸੂਤਰਾਂ ਨੇ ਦੱਸਿਆ ਕਿ ਹਾਲ ਹੀ ਵਿੱਚ ਵਾਪਰੀ ਘਟਨਾ ਦਾ ਮੁੱਖ ਮੁਲਜ਼ਮ ਕਾਲਜ ਦਾ ਇੱਕ ਸਾਬਕਾ ਵਿਦਿਆਰਥੀ ਹੈ ਅਤੇ ਹੈਰਾਨੀਜਨਕ ਢੰਗ ਨਾਲ ਉਹ ਅਲੀਪੁਰ ਪੁਲੀਸ ਅਤੇ ਸੈਸ਼ਨ ਅਦਾਲਤ ਵਿਚ ਕ੍ਰਿਮੀਨਲ ਵਕੀਲ ਵਜੋਂ ਪ੍ਰੈਕਟਿਸ ਕਰ ਰਿਹਾ ਹੈ। ਪੁਲੀਸ ਨੇ ਪੁਸ਼ਟੀ ਕੀਤੀ ਕਿ ਦੂਜੇ ਦੋਵੇਂ ਮੁਲਜ਼ਮ ਸੰਸਥਾ ਦੇ ਹੀ ਵਿਦਿਆਰਥੀ ਹਨ ਅਤੇ ਪੀੜਤਾ ਦੇ ਸੀਨੀਅਰ ਹਨ।
ਮੁੱਖ ਮੁਲਜ਼ਮ ਦੇ ਸੋਸ਼ਲ ਮੀਡੀਆ ਹੈਂਡਲਾਂ ਤੋਂ ਪਤਾ ਚੱਲਿਆ ਕਿ ਉਹ ਕਾਲਜ ਦੀ ਤ੍ਰਿਣਮੂਲ ਕਾਂਗਰਸ ਛਾਤਰਾ ਪ੍ਰੀਸ਼ਦ ਇਕਾਈ ਦਾ ਸਾਬਕਾ ਪ੍ਰਧਾਨ ਅਤੇ ਟੀਐਮਸੀ ਦੀ ਵਿਦਿਆਰਥੀ ਸੰਸਥਾ ਦੇ ਦੱਖਣੀ ਕੋਲਕਾਤਾ ਵਿੰਗ ਦਾ ਜਥੇਬੰਦਕ ਸਕੱਤਰ ਹੈ।