
ਸੰਜੀਵ ਅਰੋੜਾ ਜਲਦ ਪੰਜਾਬ ਕੈਬਨਿਟ ’ਚ ਬਣਨਗੇ ਮੰਤਰੀ
ਚੰਡੀਗੜ੍ਹ “: ਪੰਜਾਬ ਕੈਬਨਿਟ ਵਿੱਚ ਵਿਸਥਾਰ ਹੁਣ ਕਿਸੇ ਵੇਲੇ ਵੀ ਸੰਭਵ ਹੈ। ਸੰਭਾਵਨਾ ਹੈ ਕਿ ਇਸੇ ਹਫ਼ਤੇ ਦੌਰਾਨ ਹੀ ਕੈਬਨਿਟ ਵਿੱਚ ਫੇਰਬਦਲ ਹੋ ਸਕਦਾ ਹੈ। ਲੁਧਿਆਣਾ ਪੱਛਮੀ ਦੀ ਉਪ ਚੋਣ ’ਚ ਸੰਜੀਵ ਅਰੋੜਾ ਦੀ ਜਿੱਤ ਨਾਲ ‘ਆਪ’ ਨੂੰ ਵੱਡਾ ਹੁਲਾਰਾ ਮਿਲਿਆ ਹੈ। ਕੈਬਨਿਟ ਫੇਰਬਦਲ ’ਚ ਸੰਜੀਵ ਅਰੋੜਾ ਨੂੰ ਮੰਤਰੀ ਬਣਾਇਆ ਜਾਣਾ ਤੈਅ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਚੋਣ ਪ੍ਰਚਾਰ ਦੌਰਾਨ ਐਲਾਨ ਕੀਤਾ ਸੀ ਕਿ ਸੰਜੀਵ ਅਰੋੜਾ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇਗਾ ਅਤੇ ਇਸ ਐਲਾਨ ਨੂੰ ਹੁਣ ਹਕੀਕਤ ਬਣਾਇਆ ਜਾਣਾ ਹੈ।
ਵੇਰਵਿਆਂ ਅਨੁਸਾਰ ਕੈਬਨਿਟ ਫੇਰਬਦਲ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਚੱਲ ਰਹੇ ਹਨ। ਇੰਨਾ ਤੈਅ ਜਾਪਦਾ ਹੈ ਕਿ ਕੁੱਝ ਵਜ਼ੀਰਾਂ ਦੇ ਵਿਭਾਗਾਂ ਵਿੱਚ ਫੇਰਬਦਲ ਕੀਤਾ ਜਾਵੇਗਾ। ਅਹਿਮ ਹਲਕਿਆਂ ਦਾ ਕਹਿਣਾ ਹੈ ਕਿ ਚੰਗੀ ਕਾਰਗੁਜ਼ਾਰੀ ਨਾ ਦਿਖਾ ਸਕਣ ਵਾਲੇ ਦੋ-ਤਿੰਨ ਵਜ਼ੀਰਾਂ ਦੀ ਛੁੱਟੀ ਵੀ ਹੋ ਸਕਦੀ ਹੈ ਪ੍ਰੰਤੂ ਇਸ ਦੀ ਕੋਈ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕਰ ਰਿਹਾ ਹੈ। ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਚੰਗਾ ਕੰਮ ਕਰਨ ਵਾਲੇ ਵਿਧਾਇਕਾਂ ਅਤੇ ਵਜ਼ੀਰਾਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸੰਜੀਵ ਅਰੋੜਾ ਤੋਂ ਇਲਾਵਾ ਮਾਲਵਾ ਖ਼?ੱਤੇ ’ਚੋਂ ਤਿੰਨ ’ਚੋਂ ਦੋ ਵਿਧਾਇਕਾਂ ਨੂੰ ਵਜ਼ੀਰ ਬਣਾਏ ਜਾਣ ਦੀ ਚਰਚਾ ਹੈ ਜਿਨ੍ਹਾਂ ’ਚੋਂ ਇੱਕ ਦੂਸਰੀ ਦਫ਼ਾ ਬਣਿਆ ਵਿਧਾਇਕ ਵੀ ਸ਼ਾਮਲ ਹੈ। ਇਹ ਵੀ ਗੱਲ ਚੱਲ ਰਹੀ ਹੈ ਕਿ ਇੱਕ ਮਹਿਲਾ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਹੈ। ਸੰਜੀਵ ਅਰੋੜਾ ਦੇ ਚੋਣ ਜਿੱਤਣ ਮਗਰੋਂ ਹੁਣ ਉਨ੍ਹਾਂ ਵੱਲੋਂ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦਿੱਤਾ ਜਾਣਾ ਤੈਅ ਹੈ। ਹੁਣ ਰਾਜ ਸਭਾ ’ਚ ਕਿਸੇ ਵੀ ਚੋਟੀ ਦੇ ਨੇਤਾ ਦੇ ਜਾਣ ਲਈ ਰਾਹ ਪੱਧਰਾ ਹੋ ਗਿਆ ਹੈ। ਸੰਜੀਵ ਅਰੋੜਾ ਨੂੰ ਵਿਭਾਗ ਵੀ ਸ਼ਹਿਰੀ ਖੇਤਰ ਵਾਲਾ ਦਿੱਤੇ ਜਾਣ ਦੀ ਸੰਭਾਵਨਾ ਹੈ। ਜਿਨ੍ਹਾਂ ਵਜ਼ੀਰਾਂ ਦੇ ਵਿਭਾਗਾਂ ਦੀ ਕਾਰਗੁਜ਼ਾਰੀ ਤੋਂ ਪਾਰਟੀ ਨਾਖ਼ੁਸ਼ ਹੈ, ਉਨ੍ਹਾਂ ਤੋਂ ਕੁੱਝ ਵਿਭਾਗ ਵਾਪਸ ਲਏ ਜਾ ਸਕਦੇ ਹਨ। ਮਾਝੇ ਦੇ ਇੱਕ ਮੰਤਰੀ ਨੂੰ ਨਵਾਂ ਵਿਭਾਗ ਦੇ ਕੇ ਹੱਥ ਮਜ਼ਬੂਤ ਕੀਤੇ ਜਾ ਸਕਦੇ ਹਨ। ‘ਆਪ’ ਵੱਲੋਂ ਇੱਕ ਸਿੱਖ ਚਿਹਰੇ ਨੂੰ ਵੀ ਅਹਿਮ ਅਹੁਦਾ ਦਿੱਤਾ ਜਾ ਸਕਦਾ ਹੈ। ਪਾਰਟੀ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਨਜ਼ਰੀਏ ਤੋਂ ਕੈਬਨਿਟ ਵਿੱਚ ਫੇਰਬਦਲ ਅਤੇ ਵਿਭਾਗਾਂ ’ਚ ਬਦਲਾਅ ਕੀਤਾ ਜਾਣਾ ਹੈ। ਆਮ ਆਦਮੀ ਪਾਰਟੀ ਵੱਲੋਂ ਪਿਛਲੇ ਸਮੇਂ ਦੌਰਾਨ ਵਿਧਾਇਕਾਂ ਬਾਰੇ ਫੀਡ ਬੈਕ ਵਗ਼ੈਰਾ ਵੀ ਲਈ ਗਈ ਹੈ ਅਤੇ ਜਿਨ੍ਹਾਂ ਵਿਧਾਇਕਾਂ ਦੀ ਜਨਤਕ ਦਿਖ ਚੰਗੀ ਹੈ, ਉਨ੍ਹਾਂ ਨੂੰ ਪਾਰਟੀ ਤਰੱਕੀ ਦੇਣ ਦੀ ਇੱਛੁਕ ਹੈ।