ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਉੱਘੀਆਂ ਹਸਤੀਆਂ ਵੱਲੋਂ ਦੁੱਖ ਪ੍ਰਗਟ –


ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਉੱਘੀਆਂ ਹਸਤੀਆਂ ਵੱਲੋਂ ਦੁੱਖ ਪ੍ਰਗਟ

ਨਵੀਂ ਦਿੱਲੀ :ਅਹਿਮਦਾਬਾਦ ਦੇ ਜਹਾਜ਼ ਹਾਦਸੇ ਨੂੰ ਦਿਲ-ਕੰਬਾਊ ਤਬਾਹੀ ਦੱਸਦਿਆਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਹੈ ਕਿ ਇਸ ਅਸਹਿ ਦੁੱਖ ਦੀ ਘੜੀ ਵਿਚ ਪੂਰਾ ਦੇਸ਼ ਇਸ ਹਾਦਸੇ ਦੇ ਪੀੜਿਤਾਂ ਨਾਲ ਖੜ੍ਹਾ ਹੈ। ਉਨ੍ਹਾਂ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਉਹ ਇਸ ਹਾਦਸੇ ਦੀ ਘਟਨਾ ਤੋਂ ਬਹੁਤ ਦੁਖੀ ਹਨ।

ਉਨ੍ਹਾਂ ਕਿਹਾ, ‘‘ਇਹ ਦਿਲ-ਕੰਬਾਉੂ ਤ੍ਰਾਸਦੀ ਹੈ। ਮੇਰੀ ਹਮਦਰਦੀ ਅਤੇ ਪ੍ਰਾਰਥਨਾਵਾਂ ਪ੍ਰਭਾਵਿਤ ਲੋਕਾਂ ਦੇ ਨਾਲ ਹਨ। ਇਸ ਅਸਹਿ ਦੁੱਖ ਦੀ ਘੜੀ ਵਿਚ ਪੂਰਾ ਰਾਸ਼ਟਰ ਉਨ੍ਹਾਂ ਦੇ ਨਾਲ ਖੜ੍ਹਾ ਹੈ।’’

ਲੰਡਨ: ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਵੀ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਲਿਖਿਆ ਕਿ ਇਸ ਜਹਾਜ਼ ਹਾਦਸੇ ਦੇ ਜੋ ਦ੍ਰਿਸ਼ ਸਾਹਮਣੇ ਆ ਰਹੇ ਹਨ, ਉਹ ਕਾਫ਼ੀ ਦੁੱਖਦਾਈ ਹਨ। ਇਸ ਜਹਾਜ਼ ਵਿਚ ਕਾਫੀ ਬ੍ਰਿਟਿਸ਼ ਨਾਗਰਿਕ ਵੀ ਸਨ। ਉਨ੍ਹਾਂ ਕਿਹਾ ਕਿ ਉਹ ਇਸ ਘਟਨਾ ਦੀ ਲਗਾਤਾਰ ਜਾਣਕਾਰੀ ਲੈ ਰਹੇ ਹਨ।

ਬਕਿੰਗਮ ਪੈਲੇਸ ਨੇ ਵੀ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਬਰਤਾਨੀਆ ਦੇ ਸ਼ਹਿਨਸ਼ਾਹ ਚਾਰਲਸ ਤਿੰਨ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਯੂਕੇ ਦੇ ਵਿਦੇਸ਼ ਸਕੱਤਰ ਡੈਵਿਡ ਲੈਮੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਇਸ ਹਾਦਸੇ ਦੀ ਖ਼ਬਰ ਸੁਣ ਕੇ ਕਾਫ਼ੀ ਦੁੱਖ ਲੱਗਾ ਹੈ। ਯੂਕੇ ਵੱਲੋਂ ਭਾਰਤ ਨਾਲ ਮਿਲ ਕੇ ਲੋੜੀਂਦੇ ਤੱਥ ਅਤੇ ਸਹਾਇਤਾ ਮੁਹੱਈਆ ਕਰਾਉਣ ਲਈ ਕੰਮ ਕਰ ਰਿਹਾ ਹੈ।

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਵੱਲੋਂ ਵੀ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਿਲ-ਕੰਬਾਊ ਹਾਦਸੇ ਦੇ ਦ੍ਰਿਸ਼ ਦੇਖ ਕੇ ਉਨ੍ਹਾਂ ਨੂੰ ਕਾਫੀ ਦੁੱਖ ਹੋਇਆ ਹੈ।

ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਾਦਸੇ ’ਤੇ ਦੁੱਖ ਜ਼ਾਹਰ ਕੀਤਾ ਹੈ।

ਜ਼ਿਕਰਯੋਗ ਹੈ ਕਿ ਬੋਇੰਗ 787-8 ਡਰੀਮਲਾਈਨਰ ਜੋ ਉਡਾਣ ਭਰਨ ਤੋਂ ਬਾਅਦ ਹੀ ਅਹਿਮਦਾਬਾਦ ਏਅਰਪੋਰਟ ਨੇੜੇ ਹਾਦਸੇ ਦੀ ਲਪੇਟ ਵਿਚ ਆ ਗਿਆ, ਉਸ ਵਿਚ 169 ਭਾਰਤੀ, 53 ਬ੍ਰਿਟਿਸ਼, ਇਕ ਕੈਨੇਡੀਅਨ ਅਤੇ 7 ਪੁਰਤਗਾਲ ਦੇ ਨਾਗਰਿਕ ਸਨ।

  • Related Posts

    ਨਵੀਂ ਦਿੱਲੀ ’ਚ ਕਰੈਸ਼ ਜਹਾਜ਼ ਸੰਬੰਧੀ ਕੰਟਰੋਲ ਰੂਮ ਕਾਇਮ –

    ਨਵੀਂ ਦਿੱਲੀ ’ਚ ਕਰੈਸ਼ ਜਹਾਜ਼ ਸੰਬੰਧੀ ਕੰਟਰੋਲ ਰੂਮ ਕਾਇਮ ਨਵੀਂ ਦਿੱਲੀ :ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਵੀਰਵਾਰ ਨੂੰ ਅਹਿਮਦਾਬਾਦ ਵਿੱਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਮੱਦੇਨਜ਼ਰ ਸਾਰੇ ਜ਼ਰੂਰੀ ਪ੍ਰਤੀਕਿਰਿਆ ਉਪਾਵਾਂ ਦੀ…

    Continue reading
    ਅਹਿਮਦਾਬਾਦ ’ਚ ਏਅਰ ਇੰਡੀਆ ਦਾ ਜਹਾਜ਼ ਹੋਇਆ ਕਰੈਸ਼ –

    ਅਹਿਮਦਾਬਾਦ ’ਚ ਏਅਰ ਇੰਡੀਆ ਦਾ ਜਹਾਜ਼ ਹੋਇਆ ਕਰੈਸ਼ ਜਹਾਜ਼ ਵਿਚ ਸਟਾਫ ਸਣੇ 242 ਯਾਤਰੀ ਸਵਾਰ ਸਨ ਅਹਿਮਦਾਬਾਦ : ਅਹਿਮਦਾਬਾਦ ਵਿਖੇ ਬਹੁਤ ਹੀ ਮਾੜੀ ਘਟਨਾ ਸਾਹਮਣੇ ਆਈ ਹੈ, ਦੱਸਿਆ ਜਾ ਰਿਹਾ…

    Continue reading

    Leave a Reply

    Your email address will not be published. Required fields are marked *