
ਮੋਦੀ ਸਰਕਾਰ ਨੇ ਦੇਸ਼ ਨੂੰ ਗੁੰਮਰਾਹ ਕੀਤਾ: ਕਾਂਗਰਸ
ਨਵੀਂ ਦਿੱਲੀ : ਕਾਂਗਰਸ ਨੇ ‘ਅਪਰੇਸ਼ਨ ਸਿੰਧੂਰ’ ਸਬੰਧੀ ਮੋਦੀ ਸਰਕਾਰ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਇਸ ਅਪਰੇਸ਼ਨ ਦੌਰਾਨ ਭਾਰਤੀ ਲੜਾਕੂ ਜਹਾਜ਼ ਤਬਾਹ ਹੋ ਗਏ ਪਰ ਇਸ ਦੀ ਮੋਦੀ ਸਰਕਾਰ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਤੇ ਨਾ ਹੀ ਇਸ ਮਾਮਲੇ ’ਤੇ ਆਲ ਪਾਰਟੀ ਮੀਟਿੰਗ ਸੱਦੀ ਹੈ। ਉਨ੍ਹਾਂ ਇਸ ਸਬੰਧੀ ਹਾਲ ਹੀ ਵਿਚ ਇੰਡੋਨੇਸ਼ੀਆ ਵਿੱਚ ਭਾਰਤ ਜਲ ਸੈਨਾ ਦੇ ਕੈਪਟਨ ਵੱਲੋਂ ਕੀਤੀਆਂ ਟਿੱਪਣੀਆਂ ਦਾ ਵੀ ਹਵਾਲਾ ਦਿੱਤਾ ਹੈ। ਕਾਂਗਰਸ ਨੇ ਇਹ ਵੀ ਪੁੱਛਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੋਧੀ ਧਿਰ ਨੂੰ ਵਿਸ਼ਵਾਸ ਵਿੱਚ ਲੈਣ ਲਈ ਸਰਬ-ਪਾਰਟੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਇਨਕਾਰ ਕਿਉਂ ਕਰ ਰਹੇ ਹਨ ਅਤੇ ਸੰਸਦ ਦੇ ਵਿਸ਼ੇਸ਼ ਸੈਸ਼ਨ ਦੀ ਮੰਗ ਨੂੰ ਕਿਉਂ ਰੱਦ ਕਰ ਦਿੱਤਾ ਗਿਆ ਹੈ।
ਕਾਂਗਰਸ ਦੇ ਜਨਰਲ ਸਕੱਤਰ ਤੇ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਐਕਸ ’ਤੇ ਇੱਕ ਮੀਡੀਆ ਰਿਪੋਰਟ ਸਾਂਝੀ ਕੀਤੀ ਜਿਸ ਵਿੱਚ ਕੈਪਟਨ (ਭਾਰਤੀ ਜਲ ਸੈਨਾ) ਸ਼ਿਵ ਕੁਮਾਰ ਦਾ ਹਵਾਲਾ ਦਿੱਤਾ ਗਿਆ ਹੈ।
ਜਕਾਰਤਾ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਭਾਰਤੀ ਜਲ ਸੈਨਾ ਦੇ ਇਸ ਅਧਿਕਾਰੀ ਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਤੇ ਕੁਝ ਮੀਡੀਆ ਰਿਪੋਰਟਾਂ ਨੇ ਇਸ ਬਿਆਨ ਦੇ ਕੁਝ ਹੋਰ ਹੀ ਅਰਥ ਦੱਸ ਦਿੱਤੇ ਹਨ ਜਦਕਿ ਇਸ ਅਧਿਕਾਰੀ ਨੇ ਇਹ ਹੀ ਦੱਸਿਆ ਸੀ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਭਾਰਤ ਦੇ ਗੁਆਂਢ ਦੇ ਕੁਝ ਹੋਰ ਦੇਸ਼ਾਂ ਦੇ ਉਲਟ ਰਾਜਨੀਤਕ ਅਗਵਾਈ ਹੇਠ ਕੰਮ ਕਰਦੀਆਂ ਹਨ। ਭਾਰਤੀ ਜਲ ਸੈਨਾ ਅਧਿਕਾਰੀ ਨੇ ਦੱਸਿਆ ਸੀ ਕਿ ਇਸ ਅਪਰੇਸ਼ਨ ਦਾ ਉਦੇਸ਼ ਪਾਕਿਸਤਾਨੀ ਫੌਜੀ ਟਿਕਾਣਿਆਂ ਦੀ ਥਾਂ ਦਹਿਸ਼ਤਗਰਦਾਂ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਸੀ।
The post ਮੋਦੀ ਸਰਕਾਰ ਨੇ ਦੇਸ਼ ਨੂੰ ਗੁੰਮਰਾਹ ਕੀਤਾ: ਕਾਂਗਰਸ appeared first on AMAZING TV – News from Punjab, India & Around the World.