
ਭਾਰਤ-ਪਾਕਿ ਨੇ ਕੈਦੀਆਂ ਦੀਆਂ ਸੂਚੀਆਂ ਸਾਂਝੀਆਂ ਕੀਤੀਆਂ
ਪਾਕਿਸਤਾਨ ਦੀਆਂ ਜੇਲ੍ਹਾਂ ’ਚ 246 ਭਾਰਤੀ ਨਜ਼ਰਬੰਦ ਭਾਰਤ ਦੀਆਂ ਜੇਲ੍ਹਾਂ ’ਚ 463 ਪਾਕਿਸਤਾਨੀ
ਇਸਲਾਮਾਬਾਦ “: ਪਾਕਿਸਤਾਨ ਅਤੇ ਭਾਰਤ ਨੇ ਅੱਜ ਇੱਕ ਦੂਜੇ ਦੀ ਹਿਰਾਸਤ ਵਿੱਚ ਕੈਦੀਆਂ ਦੀਆਂ ਸੂਚੀਆਂ ਦਾ ਆਦਾਨ-ਪ੍ਰਦਾਨ ਕੀਤਾ ਜਿਸ ਵਿੱਚ ਇਸਲਾਮਾਬਾਦ ਨੇ 53 ਨਾਗਰਿਕ ਅਤੇ 193 ਮਛੇਰਿਆਂ ਸਮੇਤ 246 ਭਾਰਤੀ ਨਜ਼ਰਬੰਦਾਂ ਦੇ ਨਾਮ ਸੌਂਪੇ। ਵਿਦੇਸ਼ ਦਫਤਰ ਅਨੁਸਾਰ ਇਕ ਸਮਝੌਤੇ ਤਹਿਤ ਦੋਵੇਂ ਦੇਸ਼ ਹਰ ਸਾਲ 1 ਜਨਵਰੀ ਅਤੇ 1 ਜੁਲਾਈ ਨੂੰ ਇਕ ਦੂਜੇ ਦੀ ਹਿਰਾਸਤ ਵਿਚ ਕੈਦੀਆਂ ਦੀਆਂ ਸੂਚੀਆਂ ਸਾਂਝੀਆਂ ਕਰਦੇ ਹਨ। ਵਿਦੇਸ਼ ਦਫਤਰ ਨੇ ਕਿਹਾ ਕਿ ਪਾਕਿਸਤਾਨ ਨੇ 246 ਭਾਰਤੀ ਕੈਦੀਆਂ (53 ਨਾਗਰਿਕ ਕੈਦੀ ਅਤੇ 193 ਮਛੇਰੇ) ਦੀ ਸੂਚੀ ਭਾਰਤੀ ਹਾਈ ਕਮਿਸ਼ਨ, ਇਸਲਾਮਾਬਾਦ ਦੇ ਪ੍ਰਤੀਨਿਧੀ ਨੂੰ ਸੌਂਪੀ ਹੈ। ਇਸ ਦੇ ਨਾਲ ਹੀ ਭਾਰਤ ਨੇ 463 ਪਾਕਿਸਤਾਨੀ ਕੈਦੀਆਂ (382 ਨਾਗਰਿਕ ਕੈਦੀ ਅਤੇ 81 ਮਛੇਰੇ) ਦੀ ਸੂਚੀ ਨਵੀਂ ਦਿੱਲੀ, ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਇੱਕ ਡਿਪਲੋਮੈਟ ਨਾਲ ਸਾਂਝੀ ਕੀਤੀ ਹੈ। ਪਾਕਿਸਤਾਨ ਨੇ ਉਨ੍ਹਾਂ ਸਾਰੇ ਪਾਕਿਸਤਾਨੀ ਕੈਦੀਆਂ ਅਤੇ ਮਛੇਰਿਆਂ ਦੀ ਤੁਰੰਤ ਰਿਹਾਈ ਅਤੇ ਵਾਪਸੀ ਦੀ ਮੰਗ ਕੀਤੀ ਹੈ, ਜਿਨ੍ਹਾਂ ਨੇ ਆਪਣੀ-ਆਪਣੀ ਸਜ਼ਾ ਪੂਰੀ ਕਰ ਲਈ ਹੈ ਅਤੇ ਜਿਨ੍ਹਾਂ ਦੀ ਰਾਸ਼ਟਰੀ ਸਥਿਤੀ ਦੀ ਪੁਸ਼ਟੀ ਕੀਤੀ ਗਈ ਹੈ। ਦੱਸਣਾ ਬਣਦਾ ਹੈ ਕਿ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਵਿਗੜ ਗਏ ਹਨ।

[