
ਕੋਲਕਾਤਾ ਵਿਖੇ ਲਾਅ ਵਿਦਿਆਰਥਣ ਜਬਰ ਜਨਾਹ ਯੋਜਨਾਬੱਧ: ਪੁਲੀਸ
ਕੋਲਕਾਤਾ : ਦੱਖਣੀ ਕੋਲਕਾਤਾ ਦੇ ਲਾਅ ਕਾਲਜ ਦੀ ਇੱਕ ਵਿਦਿਆਰਥਣ ਨਾਲ ਕਥਿਤ ਤੌਰ ’ਤੇ ਕੀਤੇ ਗਏ ਸਮੂਹਿਕ ਜਬਰ ਜਨਾਹ ਬਾਰੇ ਪੁਲੀਸ ਵੱਲੋਂ ਜਾਰੀ ਜਾਂਚ ਦੌਰਾਨ ਨਵੇਂ ਖੁਲਾਸੇ ਕੀਤੇ ਗਏ ਹਨ। ਪੁਲਿਸ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਕਾਲਜ ਵਿੱਚ ਇੱਕ ਵਿਦਿਆਰਥਣ ਨਾਲ ਕਥਿਤ ਗੈਂਗਰੇਪ ਦੇ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਚਾਰ ਵਿਅਕਤੀਆਂ ਵਿੱਚੋਂ ਤਿੰਨ ਨੇ ਇਸ ਹਮਲੇ ਦੀ ਪਹਿਲਾਂ ਤੋਂ ਯੋਜਨਾ ਬਣਾਈ ਹੋਈ ਸੀ।
ਘਟਨਾ ਦੀ ਜਾਂਚ ਕਰ ਰਹੀ ਨੌਂ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦੇ ਜਾਸੂਸਾਂ ਨੇ ਇਹ ਵੀ ਪਾਇਆ ਕਿ ਤਿੰਨ ਮੁਲਜ਼ਮਾਂ – ਮਨੋਜੀਤ ਮਿਸ਼ਰਾ, ਪ੍ਰਤੀਮ ਮੁਖਰਜੀ ਅਤੇ ਜ਼ੈਦ ਅਹਿਮਦ – ਦਾ ਕਾਲਜ ਦੀਆਂ ਮਹਿਲਾ ਵਿਦਿਆਰਥਣਾਂ ਨੂੰ ਜਿਨਸੀ ਤੌਰ ’ਤੇ ਤੰਗ ਕਰਨ ਦਾ ਇਤਿਹਾਸ ਸੀ। ਜਦੋਂ ਕਿ ਚੌਥਾ ਮੁਲਜ਼ਮ ਕਾਲਜ ਦਾ ਸੁਰੱਖਿਆ ਗਾਰਡ ਹੈ।
ਅਧਿਕਾਰੀ ਅਨੁਸਾਰ ਮੁਲਜ਼ਮਾਂ ਦੀ ਤਿੱਕੜੀ ਅਜਿਹੀਆਂ ਘਟਨਾਵਾਂ ਨੂੰ ਆਪਣੇ ਮੋਬਾਈਲ ਫੋਨਾਂ ਵਿਚ ਰਿਕਾਰਡ ਕਰਦੀ ਅਤੇ ਬਾਅਦ ਵਿੱਚ ਫੁਟੇਜ ਦੀ ਵਰਤੋਂ ਪੀੜਤਾਂ ਨੂੰ ਬਲੈਕਮੇਲ ਕਰਨ ਲਈ ਕਰਦੇ ਸਨ। ਪੁਲਿਸ ਅਧਿਕਾਰੀ ਨੇ ਕਿਹਾ, ‘‘ਪੂਰਾ ਮਾਮਲਾ ਪਹਿਲਾਂ ਤੋਂ ਯੋਜਨਾਬੱਧ ਸੀ। ਤਿੰਨੇ ਕਈ ਦਿਨਾਂ ਤੋਂ ਪੀੜਤਾ ’ਤੇ ਇਹ ਤਸ਼ੱਦਦ ਕਰਨ ਦੀ ਸਾਜ਼ਿਸ਼ ਰਚ ਰਹੇ ਸਨ। ਅਸੀਂ ਪਾਇਆ ਹੈ ਕਿ ਜਿਸ ਦਿਨ ਪੀੜਤਾ ਨੇ ਕਾਲਜ ਵਿੱਚ ਦਾਖਲਾ ਲਿਆ ਸੀ, ਉਸੇ ਦਿਨ ਤੋਂ ਮੁੱਖ ਮੁਲਜ਼ਮਾਂ ਵੱਲੋਂ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ।’’
ਕੋਲਕਾਤਾ ਪੁਲੀਸ ਨੇ ਤਿੰਨਾਂ ਵੱਲੋਂ ਕਥਿਤ ਤੌਰ ’ਤੇ ਫਿਲਮਾਈਆਂ ਗਈਆਂ ਮੋਬਾਈਲ ਵੀਡੀਓਜ਼ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਨੇ ਕਿਹਾ, ‘‘ਐਤਵਾਰ ਨੂੰ ਮੁਲਜ਼ਮ ਮੁਖਰਜੀ ਅਤੇ ਅਹਿਮਦ ਦੇ ਘਰਾਂ ਦੀ ਤਲਾਸ਼ੀ ਲਈ ਗਈ। ਅਸੀਂ ਸੰਭਵ ਤੌਰ ’ਤੇ ਹੋਰ ਘਟਨਾਵਾਂ ਨਾਲ ਸਬੰਧਤ ਫੁਟੇਜ ਦੀ ਭਾਲ ਕਰ ਰਹੇ ਹਾਂ।’’
ਜਾਂਚਕਰਤਾਵਾਂ ਨੇ ਇਹ ਵੀ ਕਿਹਾ ਕਿ 25 ਜੂਨ ਦੇ ਕਥਿਤ ਜਬਰ ਜਨਾਹ ਦੀ ਇੱਕ ਵੀਡੀਓ ਕਲਿੱਪ ਮੁਲਜ਼ਮਾਂ ਦੁਆਰਾ ਸਾਂਝੀ ਕੀਤੀ ਗਈ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਐੱਸਆਈਟੀ ਨੇ 25 ਤੋਂ ਵੱਧ ਲੋਕਾਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਦੱਖਣੀ ਕੋਲਕਾਤਾ ਲਾਅ ਕਾਲਜ ਦੇ ਵਿਦਿਆਰਥੀ ਹਨ, ਜੋ 25 ਜੂਨ ਦੀ ਸ਼ਾਮ ਨੂੰ ਵਿਦਿਅਕ ਸੰਸਥਾ ਵਿੱਚ ਮੌਜੂਦ ਸਨ।
The post ਕੋਲਕਾਤਾ ਵਿਖੇ ਲਾਅ ਵਿਦਿਆਰਥਣ ਜਬਰ ਜਨਾਹ ਯੋਜਨਾਬੱਧ: ਪੁਲੀਸ appeared first on AMAZING TV – News from Punjab, India & Around the World.
[