
ਮਜੀਠੀਆ ਦੇ ਰਿਮਾਂਡ ’ਚ ਚਾਰ ਦਿਨ ਦਾ ਵਾਧਾ
ਮੁਹਾਲੀ : ਮੁਹਾਲੀ ਕੋਰਟ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਵਿਜੀਲੈਂਸ ਰਿਮਾਂਡ ਵਿਚ ਚਾਰ ਦਿਨਾ ਦਾ ਵਾਧਾ ਕਰ ਦਿੱਤਾ ਹੈ। ਮਜੀਠੀਆ ਨੂੰ ਡਰੱਗ ਮਨੀ ਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਸੱਤ ਦਿਨਾ ਦੇ ਰਿਮਾਂਡ ਦੀ ਮਿਆਦ ਮੁੱਕਣ ਮਗਰੋਂ ਅੱਜ ਮੁਹਾਲੀ ਕੋਰਟ ਵਿਚ ਪੇਸ਼ ਕੀਤਾ ਗਿਆ ਹੈ। ਦੋਵਾਂ ਧਿਰਾਂ ਵਿਚਾਲੇ ਚਾਰ ਘੰਟੇ ਦੇ ਕਰੀਬ ਬਹਿਸ ਚੱਲੀ। ਮਜੀਠੀਆ ਦੀ ਪੇਸ਼ੀ ਮੌਕੇ ਮੁਹਾਲੀ ਕੋਰਟ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਪੁਲੀਸ ਨੇ ਸ਼?ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਹੋਰਨਾਂ ਅਕਾਲੀ ਆਗੁਆਂ ਨੂੰ ਚੰਡੀਗੜ੍ਹ-ਮੁਹਾਲੀ ਦੀ ਸਰਹੱਦ ਨੇੜਿਓਂ ਹਿਰਾਸਤ ਵਿਚ ਲੈ ਲਿਆ ਹੈ। ਸੁਖਬੀਰ ਬਾਦਲ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਵਿੱਚ ਅਣਐਲਾਨੀ ਐਮਰਜੈਂਸੀ ਲਾ ਦਿੱਤੀ ਹੈ। ਪੁਲੀਸ ਨੇ ਅੰਬ ਸਾਹਿਬ ਤੋਂ ਪੁਲੀਸ ਨਾਕੇ ਤੋੜ ਕੇ ਵਿਜੀਲੈਂਸ ਭਵਨ ਵੱਲ ਮਾਰਚ ਕਰਦੇ ਹੋਏ ਅਕਾਲੀ ਆਗੂਆਂ, ਦਰਬਾਰਾ ਸਿੰਘ ਗੁਰੂ, ਪਰਵਿੰਦਰ ਸਿੰਘ ਸੋਹਾਣਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਦਰਜਨਾਂ ਵਰਕਰਾਂ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ। ਸੁਖਬੀਰ ਸਣੇ ਬਾਕੀ ਆਗੂਆਂ ਨੂੰ ਫੇਜ਼ 11 ਦੇ ਥਾਣੇ ਵਿਚ ਲਿਜਾਣ ਤੋਂ ਕੁਝ ਦੇਰ ਬਾਅਦ ਛੱਡ ਦਿੱਤਾ ਗਿਆ।
ਸੁਖਬੀਰ ਬਾਦਲ ਜਿਵੇਂ ਹੀ ਚੰਡੀਗੜ੍ਹ-ਮੁਹਾਲੀ ਸਰਹੱਦ ਨੇੜੇ ਪੁੱਜੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਸੁਖਬੀਰ ਬਾਦਲ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਇੱਕ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਵਿਰੁੱਧ ‘ਸ਼ਾਂਤਮਈ ਵਿਰੋਧ ਪ੍ਰਦਰਸ਼ਨ’ ਲਈ ਮੁਹਾਲੀ ਦੇ ਫੇਜ਼ 8 ਵਿਚਲੇ ਗੁਰਦੁਆਰਾ ਅੰਬ ਸਾਹਿਬ ਜਾ ਰਹੇ ਸਨ, ਜਿੱਥੇ ਉਨ੍ਹਾਂ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਸੀ। ਮੁਹਾਲੀ ਦੇ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਹੋਰ ਅਕਾਲੀ ਵਰਕਰਾਂ ਨੂੰ ਇੱਕ ਬੱਸ ਵਿੱਚ ਮੁਹਾਲੀ ਪੁਲੀਸ ਥਾਣੇ ਲਿਜਾਇਆ ਗਿਆ। ਬਾਦਲ ਨੇ ਕਿਹਾ ਕਿ ਉਹ ਅੰਬ ਸਾਹਿਬ ਗੁਰਦੁਆਰੇ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ। ਉਨ੍ਹਾਂ ਨੇ ਪੰਜਾਬੀਆਂ ਦੇ ਜਮਹੂਰੀ ਹੱਕਾਂ ਦਾ ਕਤਲ ਕਰਨ ਲਈ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕੀਤੀ।
The post ਮਜੀਠੀਆ ਦੇ ਰਿਮਾਂਡ ’ਚ ਚਾਰ ਦਿਨ ਦਾ ਵਾਧਾ appeared first on AMAZING TV – News from Punjab, India & Around the World.