
ਮਹਾਰਾਸ਼ਟਰ ਵਿਚ ਤਿੰਨ ਮਹੀਨਿਆਂ ’ਚ 767 ਕਿਸਾਨਾਂ ਵੱਲੋਂ ਖ਼ੁਦਕੁਸ਼ੀ, ਸਰਕਾਰ ਕਿਉਂ ਚੁੱਪ: ਰਾਹੁਲ
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਵਿਚ ਕਿਸਾਨ ਖ਼ੁਦਕੁਸ਼ੀਆਂ ਨੂੰ ਲੈ ਕੇ ਵੀਰਵਾਰ ਨੂੰ ਕੇਂਦਰ ਤੇ ਸੂਬਾ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਇਨ੍ਹਾਂ ਖ਼ੁਦਕੁਸ਼ੀਆਂ ਬਾਰੇ ਚੁੱਪ ਹੈ ਤੇ ਬੇਰੁਖ਼ੀ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ‘ਸਿਸਟਮ’ ਕਿਸਾਨਾਂ ਨੂੰ ਮਾਰ ਰਿਹਾ ਹੈ, ਪਰ ਪ੍ਰਧਾਨ ਮੰਤਰੀ ਆਪਣੇ ‘ਪੀਆਰ’ ਦਾ ਤਮਾਸ਼ਾ ਦੇਖ ਰਹੇ ਹਨ।
ਰਾਹੁਲ ਗਾਂਧੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਸੋਚੋ…ਸਿਰਫ਼ ਤਿੰਨ ਮਹੀਨਿਆਂ ਵਿਚ ਮਹਾਰਾਸ਼ਟਰ ਵਿੱਚ 767 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਕੀ ਇਹ ਸਿਰਫ਼ ਇੱਕ ਅੰਕੜਾ ਹੈ? ਨਹੀਂ। ਇਹ 767 ਤਬਾਹ ਹੋਏ ਘਰ ਹਨ। 767 ਪਰਿਵਾਰ ਜੋ ਕਦੇ ਪੈਰਾਂ ਸਿਰ ਨਹੀਂ ਹੋ ਸਕਣਗੇ। ਅਤੇ ਸਰਕਾਰ ਚੁੱਪ ਹੈ। ਬੇਰੁਖ਼ੀ ਨਾਲ ਦੇਖ ਰਹੀ ਹੈ।’’
ਗਾਂਧੀ ਨੇ ਦਾਅਵਾ ਕੀਤਾ, ‘‘ਕਿਸਾਨ ਨਿੱਤ ਕਰਜ਼ੇ ਵਿੱਚ ਡੁੱਬਦੇ ਜਾ ਰਹੇ ਹਨ- ਬੀਜ ਮਹਿੰਗੇ ਹਨ, ਖਾਦ ਮਹਿੰਗੀ ਹੈ, ਡੀਜ਼ਲ ਮਹਿੰਗਾ ਹੈ… ਪਰ MSP ਦੀ ਕੋਈ ਗਰੰਟੀ ਨਹੀਂ ਹੈ। ਜਦੋਂ ਉਹ ਕਰਜ਼ਾ ਮੁਆਫ਼ੀ ਦੀ ਮੰਗ ਕਰਦੇ ਹਨ, ਤਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।’’ ਕਾਂਗਰਸ ਆਗੂ ਨੇ ਕਿਹਾ, ‘‘ਪਰ ਜਿਨ੍ਹਾਂ ਕੋਲ ਕਰੋੜਾਂ ਰੁਪਏ ਹਨ? ਮੋਦੀ ਸਰਕਾਰ ਉਨ੍ਹਾਂ ਦੇ ਕਰਜ਼ੇ ਆਸਾਨੀ ਨਾਲ ਮੁਆਫ਼ ਕਰ ਦਿੰਦੀ ਹੈ। ਅੱਜ ਦੀਆਂ ਖ਼ਬਰਾਂ ’ਤੇ ਨਜ਼ਰ ਮਾਰੋ – ਅਨਿਲ ਅੰਬਾਨੀ ਦੀ 48,000 ਕਰੋੜ ਰੁਪਏ ਦੀ ਐਸਬੀਆਈ ‘ਧੋਖਾਧੜੀ’।’’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਕਿਹਾ, ‘‘ਮੋਦੀ ਜੀ ਨੇ ਕਿਹਾ ਸੀ ਕਿ ਉਹ ਕਿਸਾਨ ਦੀ ਆਮਦਨ ਦੁੱਗਣੀ ਕਰ ਦੇਣਗੇ- ਪਰ ਅੱਜ ਹਾਲਾਤ ਇਹ ਹਨ ਕਿ ਅਨਾਜ ਦੇਣ ਵਾਲੇ ਦੀ ਜ਼ਿੰਦਗੀ ਅੱਧੀ ਹੋ ਰਹੀ ਹੈ।’’ ਗਾਂਧੀ ਨੇ ਕਿਹਾ, ‘‘ਇਹ ਸਿਸਟਮ ਕਿਸਾਨਾਂ ਨੂੰ ਮਾਰ ਰਿਹਾ ਹੈ – ਚੁੱਪਚਾਪ, ਪਰ ਲਗਾਤਾਰ… ਅਤੇ ਮੋਦੀ ਜੀ ਆਪਣੇ ਪੀਆਰ ਦਾ ਤਮਾਸ਼ਾ ਦੇਖ ਰਹੇ ਹਨ।’’
ਉਧਰ ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਰਾਹੁਲ ਗਾਂਧੀ ’ਤੇ ਪਲਟਵਾਰ ਕਰਦਿਆਂ ‘ਐਕਸ’ ਉੱਤੇ ਇੱਕ ਚਾਰਟ ਸਾਂਝਾ ਕੀਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ-ਕਾਂਗਰਸ ਸਰਕਾਰ ਦੇ 15 ਸਾਲਾਂ ਦੇ ਕਾਰਜਕਾਲ ਦੌਰਾਨ ਮਹਾਰਾਸ਼ਟਰ ਵਿੱਚ 55,928 ਕਿਸਾਨਾਂ ਨੇ ਖੁਦਕੁਸ਼ੀ ਕੀਤੀ।
The post ਮਹਾਰਾਸ਼ਟਰ ਵਿਚ ਤਿੰਨ ਮਹੀਨਿਆਂ ’ਚ 767 ਕਿਸਾਨਾਂ ਵੱਲੋਂ ਖ਼ੁਦਕੁਸ਼ੀ, ਸਰਕਾਰ ਕਿਉਂ ਚੁੱਪ: ਰਾਹੁਲ appeared first on AMAZING TV – News from Punjab, India & Around the World.